Thursday, October 29, 2009

ਉਲਾਮ੍ਹਾ

ਵੱਡਿਆ ਕਵੀਆ
ਮੇਰੀ ਟੁੱਟੀ ਚੂੜੀ ਦਾ
ਕੋਈ ਗੀਤ ਲਿਖ
-
ਉਸਨੇ ਤਾਂ ਸਿਰਫ
ਇੱਕ ਪਲ ਲਈ
ਉਤਾਂਹ ਹੀ ਦੇਖਿਆ,
ਟੋਟਾ ਚੁਕਿਆ
ਦੂਰ ਘਾਹ ਵੱਲ ਸਟਿਆ
.
ਹੱਥ ਹਥੌੜਾ
ਥੱਲੇ ਪੱਥਰ
ਉਹ ਵਾਰ ਵਾਰ ਮਾਰਦੀ
ਪੱਥਰ ਨਾ ਟੁੱਟਦਾ
ਚੂੜੀ ਟੁੱਟਦੀ
ਟੋਟਾ ਚੁੱਕ ਉਹ ਵਗਾਹ ਮਾਰਦੀ
ਘਾਹ ਵੱਲ
.
ਮੈਂ ਨਹੀਂ ਸੋਚ ਸਕਿਆ
ਓਹਦੇ ਸ਼ੋਹਰ ਨੇ
ਖਰੀਦੀਆਂ ਰੰਗਦਾਰ ਚੂੜੀਆਂ
ਕਿਸਤਰਾਂ ਪਹਿਨਾਈਆ ਹੋਣਗੀਆਂ
.
ਇੱਕ ਟੋਟਾ ਹੋਰ
ਉਸਨੇ ਸਾਮ੍ਹਣੇ ਦੇਖਿਆ
ਮੈਨੂੰ ਲੱਗਿਆ
ਇਹ ਤਾਂ ਇਸਦੀ ਨਜ਼ਰ ਦਾ
ਮੈਨੂੰ ਉਲਾਮ੍ਹਾ ਹੈ

ਵੱਡਿਆ ਕਵੀਆ
ਇਸ ਟੋਟੇ ਦਾ ਗੀਤ ਲਿਖ
ਜਿਸ ਨਾਲ
ਮੇਰੀ ਇਨ੍ਹਾਂ ਨੂੰ
ਛਣਕਾਣ ਦੀ ਰੀਝ ਟੁੱਟਦੀ ਹੈ
ਚੂੜੀ ਨਹੀਂ...

--0 --0--
ਪਤਝੜ

ਨਾ ਪਤਝੜ
ਇਓਂ ਨਾ ਕਰ
ਬਿਰਖਾਂ ਨੂੰ ਰੁੰਡ-ਮਰੁੰਡ

ਰਹਿਣ ਦੇ
ਕੁੱਝ ਕੁ ਪੱਤੇ
ਸ਼ਖਾਵਾਂ ਤੇ
ਸੁਰਾਂ ਵਾਂਗ ਥਿਰਕਦੇ

ਕਿਤੇ
ਕੱਲ ਨੂੰ
ਹਵਾਂਵਾਂ ਨੂੰ
ਵਜਾਉਣ ਦੇ ਲਈ
ਪਿੰਜਰਾਂ ਦੀ ਲੋੜ ਪਵੇ
----------- 0 --------
ਤੜਪਦਾਂ ਹਾਂ ਹਰ ਰਾਤ ਕਿ ਕੋਈ ਗੀਤ ਬਣੇ
ਬਿਖੜੇ ਰਾਹਵਾਂ 'ਤੇ ਕੋਈ ਰਹਿਬਰ ਕੋਈ ਮੀਤ ਬਣੇ

ਸੁਣਿਆਂ ਤਪਦੀ ਹਵਾ ਤੋਂ ਤੇਰਾ ਸਿਰਨਵਾਂ ਅੱਜ
ਸੁੱਕਾ ਪੱਤਾ ਹਾਂ,ਚੱਲਾਂ ਤੇਰੇ ਵੱਲ ਹਵਾ ਤਾਂ ਸੀਤ ਬਣੇ

ਕਹਿਰ ਦੀ ਰਾਤ,ਤੂਫਾਨ,ਇਹ ਬਰਸਾਤ
ਦੱਸਣ ਆ ਕੇ ਬੰਦਿਸ਼ਾਂ ਕੋਈ ਗਜ਼ਲ ਕੋਈ ਗੀਤ ਬਣੇ

ਮੁਨਸਿਫਾ ਦੀ ਅੰਧੇਰ ਨਗਰੀ,ਅੰਨ੍ਹੇ ਗਵਾਹ ਹਰ ਪਾਸੇ
ਕੌਣ ਪਰਵਾਨਿਆ ਨੂੰ ਸਜਾ ਦੇਹ,ਕੋਈ ਤਾਂ ਦੀਪ ਬਣੇ

ਚੁੱਪ ਤੂੰ ਵੀ ਨਾ ਤੋੜੀ ,ਮੈਂ ਰਿਹਾ ਖਾਮੋਸ਼
ਕਿਸ ਤਰਾਂ ਆਖਰ ਮੁਹੱਬਤ ਦਾ ਗੀਤ ਬਣੇ

ਮੇਰੇ ਦਿਲ ਦੀ ਧੜਕਣ ਤੇਰਿਆਂ ਸਾਹਾਂ ਦੀ ਹਾਮੀ
ਮਿਲ ਬੈਠਣ ਕਦੇ ,ਕੋਈ ਦਿਲਕਸ਼ ਸੰਗੀਤ ਬਣੇ
0
ਤੜਪਦੇ ਅਰਥਾਂ ਨੂੰ ਕੋਈ ਤਾਂ ਗੀਤ ਦੇ
ਰਬਾਬ ਨਹੀਂ ਰਬਾਬੀ ਨਹੀਂ ਕੋਈ ਤਾਂ ਸੰਗੀਤ ਦੇਹ

ਮਹਿਕਦੇ ਦੇਹ,ਖਣਕਦੇ ਪੈਮਾਨੇ ਦੇਹ
ਜਸ਼ਨ ਲਈ,ਜਾਮ ਦੇਹ ,ਜਿੱਤ ਦਹੇ

ਰੁੱਖਾਂ ਨੂੰ ਕਿਣਮਿਣੀ .. ਫੁੱਲਾਂ ਨੂੰ ਭੰਬਰੇ
ਰੂਹ ਨੂੰ ਰਹਿਬਰ ਮਨ ਨੂੰ ਮਨਮੀਤ ਦੇਹ

ਤਨ ਨੂੰ ਕੱਜਣ, ਕੱਜਣ ਨੂੰ ਸੁਨਿਹਰੇ ਰੰਗ ਦੇਹ
ਰੰਗਾਂ ਨੂੰ ਰਾਗ..ਰਾਗ ਨੂੰ ਸਾਹਵਾਂ ਦਾ ਸੰਗੀਤ ਦੇਹ
0
ਕੋਈ ਆਰਜੂ ਮਿਲੇ, ਕੋਈ ਗੀਤ ਮਿਲੇ
ਲਿਖਾਂ ਗਜ਼ਲ,ਬੰਦਿਸ਼ ਬਹਿਰ,ਕੋਈ ਮੀਤ ਮਿਲੇ

ਪੱਤਿਆਂ ਦੀ ਖੜਕਣ,ਝਾਂਜਰਾਂ ਦੀ ਛਣ ਛਣ
ਤਕ-ਦਿਨਾ-ਦਿਨ ਨਾ,ਕੋਈ ਤਾਂ ਸੰਗੀਤ ਮਿਲੇ

ਮਿਲੇ ਤੇਰਿਆਂ ਰਾਹਵਾਂ ਦੀ ਪਹਿਚਾਣ ਸੱਚਮੁੱਚ
ਤੁਰਾਂ ਤੇਰੇ ਵੱਲ ਨੂੰ ਕੋਈ ਤਾਂ ਰਹੁ-ਰੀਤ ਮਿਲੇ

ਰੁਕਾਂ ਨਾ ਰਾਹਵਾਂ ,ਨਾ ਕੰਡਿਆਂ ਤੇ,ਤੂੰ ਹੀ ਦੇ
ਮੈਂ-ਨੂੰ ਭੁੱਲਾਂ,ਤੈਂ-ਨੂੰ ਪਾਵਾਂ ਨਿੱਤ ਇਹ ਨੀਤ ਮਿਲੇ
0
ਅਸੀਂ ਅਨੁਵਾਦਕ ਹਾਂ

ਅਸੀਂ ਅਨੁਵਾਦਕ ਹਾਂ
ਨਿੱਘ ਨੂੰ ਸੇਕ 'ਚ
ਸੇਕ ਨੂੰ ਸਿਵੇ 'ਚ
ਤੇ
ਸੰਗੀਤ ਨੂੰ ਸ਼ੋਰ 'ਚ ਅਨੁਵਾਦ ਕਰਦੇ ਹਾਂ

ਅੱਗੇ ਵਧਣ ਨੂੰ ਦੌੜ 'ਚ
ਗੁੱਸੇ 'ਚ
ਜਾਂ ਚੌੜ 'ਚ
ਪੀੜ੍ਹੀ ਹੇਠ ਸੋਟਾ ਮਾਰਨ ਨੂੰ ਅਸੀਂ
ਸਿਸਟਮ ਨੂੰ ਕੱਢੀ ਭੱਦੀ ਗਾਲ ਚ ਅਨੁਵਾਦ ਕਰਦੇ ਹਾਂ
ਅਸੀਂ ਅਨੁਵਾਦਕ ਹਾਂ

ਆਪਣਿਆਂ ਨੂੰ ਸ਼ਰੀਕਾਂ 'ਚ
ਮਿਲਣੀਆਂ ਨੂੰ ਤਰੀਕਾਂ 'ਚ
ਤੇ ਦੁੱਖ ਸੁਖ ਦੇ ਹਾਮੀ ਦਾ
ਘਰ ਦੇ ਭੇਤੀ ਚ ਤਰਜਮਾਂ ਕਰਦੇ ਹਾਂ
ਅਸੀਂ ਅਨੁਵਾਦਕ ਹਾਂ

ਕੰਧਾਂ ਨੂੰ ਕੰਨ
'ਮਿਠਤ ਨੀਵੀਂ' ਨੂੰ ਦਬੂ ਡਰਪੋਕ
ਸੰਘ ਪਾੜ ਕੀਤੀ ਗੱਲ ਨੂੰ ਸੱਚ ਕਹਿੰਦੇ ਹਾਂ
ਅਸੀਂ ਅਨੁਵਾਦਕ ਹਾਂ

ਪੜ੍ਹਣ ਨੂੰ ਮਗਜ਼ ਖਪਾਈ
ਡੀਜੇ ਨੂੰ ਮਨੋਰੰਜਨ
ਸਹਿਜ ਨੂੰ ਸੁਸਤ
ਲਾਲਚ ਨੂੰ..
ਫਿਉਚਰ ਸਿਕੁਰਿਟੀ ਦੱਸਦੇ ਹਾਂ
ਅਸੀਂ ਅਨੁਵਾਦਕ ਹਾਂ
0
ਸਿਰਫ
ਭੁਲੇਖਿਆਂ ਦੀ ਜਣਨੀਂ
ਤੇਰੀ ਤਸਵੀਰ।

ਇਸ ਚੋਂ ਕਦੇ ਨਹੀਂ ਦਿੱਸਦਾ
ਮੈਨੂੰ ਆਪਣਾ ਆਪ
ਬਸ ਇੱਕ ਚੁੱਪ ਹੈ
ਖਲਾਅ ਚ ਦੂਰ ਤੱਕ ਦੇਖਦੀ

ਇਹ ਕਦੇ ਨਹੀਂ ਕਰਦੀ
ਤੇਰਿਆਂ ਵਾਦਿਆਂ ਤੇ ਦਾਵਿਆਂ ਦੀ ਗੱਲ
ਤੇਰੀ ਤਸਵੀਰ ਤਾਂ ਸੂਤਰ ਹੈ H2O ਵਾਂਗ
ਇਹ ਗਲੇ ਦੀ ਤਰੌਤ ਨਹੀਂ ਬਣਦਾ
ਨਾ ਰੂਹ ਦੀ ਪਿਆਸ।
ਤੇਰੀ ਤਸਵੀਰ ਨੂੰ
ਗਲ ਲਟਕਾਂਵਾ,ਮੰਦਰ ਸਜਾਂਵਾ
ਰਹਾਂ ਪੂਜਦਾ
ਤੇ ਖੁਦ ਧੰਨਾਂ ਹੋ ਜਾਂਵਾਂ
ਤੇ ਭੁਲੇਖਾ ਭੁਲੇਖਾ ਨਾ ਰਹੇ
ਮਨ ਆਈ ਮੂੰਹ ਤੇ ਕਹੇ

ਤੂੰ ਤਸਵੀਰ ਤੋਂ ਜਿਆਦਾ ਕੁੱਝ ਨਹੀਂ
ਮੇਰਾ ਹੀ ਸਵਾਲ
ਤੇ ਮੇਰਾ ਹੀ ਜਵਾਬ
ਫਿਰ ਨਾ ਆਖੀਂ
ਮੁਨਕਰ ਹੈ ਮੇਰੀ ਹੋਂਦ ਤੋਂ
ਜਾਂ ਤੇ ਆ
ਗਲ ਲੱਗ
ਮਿਟਾ ਮਿੱਟੀ ਦੀ ਪਿਆਸ
ਬਰਸ,ਤਪਦੀ ਤੇ ਮੀਂਹ ਬਣ
ਨਹੀਂ ਤਾਂ ਝੁਲਸ ਜਾਵੇਗਾ ਮੇਰਾ ਵਜੂਦ।
ਮੇਰੀ ਮੈਂ ਦੇ ਮਾਰੂਥਲ ਵਿਚ ਭਟਕਦਾ।

ਤਸਵੀਰ ਤੋਂ ਭੋਰਾ ਕੁ ਵੱਧ ਹੋ ਜਾ
ਮੈਂ ਹੋ ਜਾ
ਜਾਂ
ਤੂੰ ਹੋ ਜਾ।
0
>ਸਲੀਬ ਤੇ ਲਿਖੀ ਕਵਿਤਾ<

ਅਸੀ ਤੈਅ ਕਰਦੇ ਹਾਂ
ਅਪਣੀ ਹਸਤੀ
ਭਾਂਵੇਂ ਵਰਤਣ ਦੀ ਸ਼ੈਅ ਬਣੀਏ
ਭਾਵੇਂ ਛੂਹ ਲਈਏ ਚੇਤਨਾਂ ਦੀਆਂ ਅੰਤਮ ਕੰਨੀਆਂ

ਤੂੰ ਕੀ ਬਣੀ
ਮੈ ਜੋ ਖੁਦ ਨੂੰ ਕਵੀ ਕਹਿੰਦਾ ਹਾਂ,
ਤੈਨੂੰ ਕਵਿਤਾ ਨਾ ਬਣਾ ਸਕਿਆ
ਤੂੰ ਵਰਕੇ ਬਣੀ
ਮੈਂ ਤੈਨੂੰ ਕਾਲਾ ਕੀਤਾ ਬਸ।
ਤੇਰੀ ਚੇਤਨਾ ਨੇ ਵਿਰੋਧ ਨੀਂ ਕੀਤਾ?
.
ਮੈਂ ਤਾਂ ਹੁਣ ਵੀ ਹਰਫ ਹਰਫ ਹੋ ਜਾਂਦਾ ਹਾਂ
ਚਿੰਨ੍ਹਾਂ ਤੋਂ ਅਗਾਂਹ ਚੀਕਾਂ ਚਾਂਗਾਂ
ਜਦ ਯਾਦ ਕਰਦਾਂ
ਤੈਨੂੰ ਕਵਿਤਾ ਵਾਂਗ ਲਿਖਣ ਦੀ ਗੱਲ
ਟੁੱਟ ਜਾਂਦੈ ਮੇਰਾ ਮਨਸੂਈ ਵਜੂਦ
'ਤੇ ਤੂੰ
ਲੀਕਾਂ ਲਗਰਾਂ
ਸ਼ਬਦ ਫੁੱਲ
ਛਲੇਡਾ ਜਿਹਾ ਬਣ ਜਾਂਦੀ ਹੈਂ

ਆ ਤੇਰੀਆਂ ਅੱਖਾਂ 'ਚ ਬਾਲਾਂ ਆਪਣੇ-ਪਣ ਦੀ ਜੋਤੀ
ਤੂੰ ਮੁਨਸਿਫ ਬਣੇਂ ਮੈਂ ਦੋਸ਼ੀ
'ਤੇ ਮੇਰੀ ਹੀ ਚੇਤਨਾਂ ਦੀ ਸੂਲੀ ਟੰਗ ਮੈਨੂੰ,ਤੂੰ
ਸਲੀਬ ਤੇ ਲਿਖੀ ਕਵਿਤਾ ਬਣਾ ਦੇਵੇਂ.
ਤੇ ਮੈਂ ਓੜ ਕਾਲੇ ਕੱਪੜ
ਸੱਚ ਦੇ ਮੱਥੇ 'ਤੇ ਕਾਲੇ ਦਾਗਾਂ ਵਾਂਗ ਉੱਗ ਆਵਾਂ..

ਲੋਕੀਂ ਚੌਂਕ 'ਚ ਖੜੋ..
ਕਵਿਤਾ ਵਾਂਗ ਪੜਣ।
ਖਤ ਉਡੀਕਦਾ ਘਰ ਸਰਦਲ ਹੋ ਗਿਆ
ਹੋਣਾ ਨਹੀਂ ਸੀ,ਪਰ ਬਿਨ ਤੇਰੇ ਸਰ ਹੋ ਗਿਆ

ਨਰਾਜ ਰੁਕਮਣੀ ਕਹੇ ਤੂੰ ਕ੍ਰਿਸ਼ਨ ਨਹੀਂ
ਫਿਰ ਉਸਤੇ ਕਿਓਂ ਰਾਧਾ ਦਾ ਅਸਰ ਹੋ ਗਿਆ

ਤੂੰ ਅੰਬਰ ਦਾ ਤਾਰਾ ਸੀ ਮੇਰੇ ਮਹਿਬੂਬ
ਦੇਖ ਤੇਰੇ ਕਰਕੇ ਮੈਂ ਅੰਬਰ ਹੋ ਗਿਆ

ਤੂੰ ਕੋਲ ਸੀ ਮੈਂ ਤਰਲ ਰਿਹਾ ਪਾਣੀਆਂ ਜਿਹਾ
ਤੂੰ ਦੂਰ ਕੀ ਗਈ ਮੈਂ ਹੌਲੀ ਹੌਲੀ ਪੱਥਰ ਹੋ ਗਿਆ

ਮੈਂ ਤੋਂ ਤੂੰ ਤੱਕ ਆਉਦਿਆਂ ਆਉਦਿਆਂ
ਬਿਖੜਾ ਸੀ ਰਾਹ ਪਰ ਇਹ ਸਫਰ ਹੋ ਗਿਆ

------- 0 --------
- ਧਰਮਿੰਦਰ ਸੇਖੋਂ
ਵਿਦਾ

ਤੁਸੀਂ ਇੰਝ ਵਿਦਾ ਹੋਏ ਸੱਜਣ ਜੀ
ਜੀਕਣ ਕੋਈ ਅਦਾ ਹੋਏ ਸੱਜਣ ਜੀ

ਨਾ ਰੁੱਕਾ ਨਾ ਰੁਕਣਾ
ਇਹ ਕੇਹੀ ਸਜਾ ਹੋਏ

ਇੱਕ ਵਾਰ ਦੇਖੋ ਪਰਤ ਕੇ
ਉਡੀਕਣ ਦੀ ਸਾਡੇ ਕੋਈ ਤਾਂ ਵਜ੍ਹਾ ਹੋਏ

ਤੁਸਾਂ ਦਾ ਆਣਾ ਜਾਣਾ ਫਿਰ,ਓਸਦੀ
ਇਸੇ 'ਚ ਸ਼ਾਇਦ ਕੋਈ ਰਜਾ ਹੋਏ

ਅਸਾਂ ਆਪਣਾ ਕਿਹਾ ਜਦ,ਝੁਕੀ ਨਿਗ੍ਹਾ
ਇਨਕਾਰ ਨਾ ਹੋਏ,ਸ਼ਾਇਦ ਇਹ ਲੱਜਾ ਹੋਏ

ਤੁਸੀ ਇੰਝ ਵਿਦਾ ਹੋਏ,ਸੱਜਣ ਜੀ
ਜੀਕਣ ਕੋਈ ਸਜਾ ਹੋਏ
----------0--------
ਤੇਰੀਆਂ ਅੱਖਾਂ ਦੇ
ਸੁਰਮਈ ਹਨੇਰਿਆਂ ਦੀ ਕਿਤਾਬ
ਕਿਸੇ ਨਾ ਪੜ੍ਹੀ

ਤੂੰ ਹਮੇਸ਼ਾ ਅਡੌਲ ਤੁਰੀ
ਭਾਵੇਂ ਤੁਰਿਆਂ ਪੈਰਾਂ ਹੇਠ
ਜ਼ਮੀਨ ਕੋਈ ਨਾਂ ਸੀ

ਤੂੰ ਹੀ ਸਿਰਜਿਆ
ਧਰਤੀ ਦਾ ਸਵਰਗ
ਉਨ੍ਹਾਂ ਲਈ
ਜੋ ਤੈਨੂੰ ਨਰਕ ਦਾ ਦੁਆਰ ਕਹਿੰਦੇ ਰਹੇ

ਤੂੰ ਜੱਗ ਜਣਨੀ
ਹੁਣ ਆਪ ਜਨਮ ਲੈਣ ਲਈ
ਦੂਜਿਆਂ ਦੇ ਤਰਸ ਦੀ ਪਾਤਰ ਹੈਂ

ਤੇਰਿਆਂ ਅੱਖਾਂ ਦੇ
ਸੁਰਮਈ ਨੇਰਿਆਂ ਦੀ ਕਿਤਾਬ
ਚਾਨਣ ਵਾਂਗ ਖੁਲ ਜਾਵੇ
ਤੇ ਤੂੰ ਆਪ ਕਰੇਂ
ਆਪਣੀ ਹੋਣੀ ਦਾ ਬਿਆਨ
ਤੂੰ ਆਪ ਸਿਰਜੇਂ
ਆਪਣੇ ਚਿੰਤਨ ਦਾ ਅਕਾਸ਼
ਆਪਣੇ ਚਿੰਤਨ ਦੀ ਧਰਤ
ਜਿੱਥੇ ਤੂੰ ਜਨਮੇ ਵੀ
ੳਡਾਰੀਆਂ ਵੀ ਲਾਵੇਂ

- ਧਰਮਿੰਦਰ ਸੇਖੋਂ
9876261775
ਪਤਾ ਨਹੀਂ ਕਾਹਤੋਂ ਆਉਦਾਂ ਲੋਰ
ਜਦ ਕਿਤੇ ਦੂਰ ਬੋਲਦਾ ਮੋਰ

ਕਿਸੇ ਪੰਛੀ ਐਸੇ ਦੇ ਬੋਲ
ਸੰਜਿੰਦੇ ਦੇ ਦਿਲ ਦੀ ਧੜਕਣ
'ਤੇ ਕੰਬਦੇ ਤਾਰ ਕਿਸੇ ਸਾਜ ਦੇ
ਦਿਲ ਧਾਹਾਂ ਮਾਰਦਾ ਓਦੋਂ
ਜਦ ਕਿਤੇ ਝਾਂਜਰ ਪਾਵੇ ਸ਼ੋਰ

ਇੱਕ ਕਾਲੀ ਘਟਾ
ਇਕ ਤੇਰੇ ਸੰਗਣੇ ਵਾਲ
'ਤੇ ਇੱਕ ਪੌਣ ਪੁਰੇ ਦੀ
ਇੱਕ ਆਸ਼ਕ ਛਮ ਛਮ ਰੋਵੇ
ਕਹਿੰਦੇ ਮੀਂਹ ਪੈਂਦਾ ਜੋਰੋ ਜੋਰ

ਦੋ ਬੁੱਲਾਂ ਦੇ ਬੋਲ
ਦੋ ਨੈਣਾ ਦੀ ਰਿਮਝਿਮ
'ਤੇ ਦੋ ਤਰਸਦੀਆਂ ਬਾਹਾਂ
ਯਾਰੋ ਇਨ੍ਹਾਂ ਭਾਵਾਂ ਤੇ
ਚੱਲੇ ਕਿਹਦਾ ਜੋਰ

ਅੰਦਰ ਵੜਕੇ ਉਹ ਅਕਸਰ ਰੋਵੇ
ਪੌਣ ਵਿਚਾਰੀ ਅੱਖਾਂ ਧੋਵੇ
ਤੇ ਕਦੇ ਨਾ ਜਾਣੇ ਦੁਨੀਆਂ
ਜਦ ਘਟਾਵਾਂ ਚੜਦੀਆਂ
ਤਦ ਰੋਦਾਂ ਏ ਮੋਰ

ਅਨੀਂ ਮੇਰੀਏ ਜਿੰਦੇ
ਨੀਂ ਮੇਰੀਏ ਰੂਹੇ
ਸੁਣ ਵੇ ਮੇਰੇ ਪਿਆਰ
ਛੱਡ ਸ਼ਬਦਾਂ ਦੇ ਛਾਬੇ ਲਾਉਣੇ
ਨਾਂ ਲੋਕੀਂ ਲੈਂਦੇ ਖੋਰ

ਐਹ ਵੀ ਰੱਬ
ਅੁਹ ਵੀ ਰੱਬ
'ਤੇ ਮੈਂ ਵੀ ਰੱਬ ਹਾਂ
ਜਰਾ ਦੱਸੋ ਯਾਰੋ ਉਹ ਕੌਣ ਨੇ
ਜਿਨ੍ਹਾਂ ਨੂੰ ਲੋਕੀਂ ਆਖਣ ਚੋਰ

ਅੱਜ ਅੱਜ ਹੈ
ਕੱਲ ਕੱਲ ਰਹੇਗਾ
ਤੇ ਫਿਰ ਹਮੇਸ਼ਾ ਪਰਸੋਂ
ਰੱਬ ਕਰੇ ਉਹ ਦਿਨ ਵੀ ਆਵਣ
ਜਿੰਨ੍ਹਾਂ ਦੀ ਗਿਣਤੀ ਹੋਵੇ ਹੋਰ

ਆਹ ਦੁਨੀਆਂ ਤੇ ਰੱਬ
ਆਹ ਦੁਨੀਆਂ ਦੇ ਲੋਕ
ਤੇ ਆਹ ਲੋਕਾਂ ਦੀ ਮੈਂ
ਬਸ ਚੁੱਪ ਕਰ ਓ ਮੂਰਖਾ
ਬੋਲੀ ਨਾ ਹੁਣ ਹੋਰ
------0----0---
ਸ਼ੁਕਰ ਹੈ ਤੇਰਾ
ਮੈਨੂੰ
ਤਹਿਜੀਬ ਬਖਸ਼ੀ
ਸੋਚ ਬਖਸ਼ੀ
ਮੱਥੇ ਚਿੰਤਨ ਦਾ ਦੀਵਾ ਬਾਲਿਆ
.
ਇਹ ਝੱਲੇ ਜਿਹੇ ਕੋਣ ਨੇ
ਮੀਂਹ ਦੇ ਪਾਣੀ ਵਿੱਚ
ਛਾਲਾਂ ਮਾਰ ਮਾਰ
ਗਾ ਰਹੇ ਨੇ

ਮੱਥੇ ਆਏ ਪਸੀਨੇ ਨੂੰ
ਗਲ ਦੇ
ਗਮਸ਼ੇ ਨਾ' ਪੂੰਝ
ਹੱਥ ਰੱਖਿਆ ਟੁੱਕਰ ਖਾ,
ਹੱਸ ਰਹੇ ਨੇ
.
ਤੇਰਾ ਕੋਈ ਸ਼ੁਕਰ ਗੁਜਾਰ ਨਹੀਂ ਮੈਂ।

---0----0---

Tuesday, October 20, 2009


ਉਹ ਦੂਰ ਰਹੇ
ਚੜਦੇ ਸੂਰਜ ਤੋਂ
ਰਾਤੀਂ ਚੰਨ ਤੋਂ
ਦਿਨੇ ਫੁੱਲਾਂ ਤੋਂ
ਮਹਿਫਲ 'ਚ ਕਵਿਤਾ ਤੋਂ
ਗੀਤਾਂ ਤੋਂ
.
.
ਉਹਨਾਂ ਤੋਂ ਬੰਦੂਖਾਂ ਦੀ ਹੀ ਆਸ ਰੱਖੋ ਮੇਰੇ ਯਾਰ।
---0----0---

Monday, October 19, 2009

ਮੇਰੇ ਦਰ ਤੇ,
ਦਰਖਤਾਂ ਦੇ
ਕੁੱਝ ਪ‍ੱਤੇ ਡਿੱਗੇ ਹੋਏ ਨੇ...

ਹਰ ਪੱਤੇ ਤੇ ਲਿਖੀ ਹੈ
ਤੇਰੇ ਮੌਸਮਾਂ ਦੀ ਆਮਦ...

ਹਰ ਪੱਤਾ ਤੇਰੇ ਭੇਜੇ ਖਤ ਵਾਂਗ ਹੈ...

--------- 0 ------- 0 ---------

ਕਾਲੀ ਸੜਕ ਹੈ
ਦੂਰ ਤੱਕ ਵਿਛੀ.....
..
ਧੁੱਪ ਲਿਖਦੀ ਹੈ ਇਸ ਤੇ
ਡੱਬ ਖੜੱਬੇ ਅੱਖਰ
ਬਿਰਖਾਂ ਦੀਆਂ ਟਾਹਣੀਆਂ ਵਿਚੋਂ...
--
ਜ਼ਰਾ ਖੜੋ
ਜ਼ਰਾ ਪੜ
ਰੱਬ ਨੇ ਇਹ ਕੀ ਇਬਾਰਤ ਲਿਖੀ ਹੈ.....

-------- 0 ----- 0 ------