Friday, November 20, 2009

ਮੈਨੂੰ ਮੁਕਤ ਕਰੋ ਸਾਹਿਬਾਂ
ਮੈਨੂੰ ਮੁਕਤ ਕਰੋ

ਜਿੱਥੇ
ਅੰਨ੍ਹੇ ਪਾਗਲ ਵਿਆਕਤੀ ਦੇ ਬੇਬਾਕਪਣ ਤੋਂ
ਚੜਦਾ ਹੈ ਪ੍ਰਚੰਡ ਤਾਪ
ਸੁਜਾਖਿਆ ਦੇ ਸਮਾਜ ਨੂੰ
ਕਿ
ਲੰਘਦੀਆਂ ਹਨ
ਧੀਆਂ ਭੈਣਾਂ
ਇਸੇ ਰਸਤਿਓਂ

ਸਹਿਬਾਂ
ਮੈਨੂੰ ਉਸੇ ਰਸਤਿਓਂ
ਮੁਕਤ ਕਰੋ
ਤਾਂ ਜੋ
ਸੁਣ ਨਾਂ ਸਕਾਂ
ਉਨ੍ਹਾਂ ਦੀ ਗੱਲ
ਜੋ ਉਸ ਨੂੰ ਢਕਣ ਲਈ ਕਰਦੇ ਨੇ
ਨਿਰਲੱਜ ਜਿਹੇ।

---0----0---0---
ਤਿਤਲੀ

ਮੇਰੀ ਕਵਿਤਾ ਨਹੀਂ ਕਰਦੀ
ਸਮਾਜਿਕ ਸਰੋਕਾਰਾਂ ਦੀ ਗੱਲ
ਇਹ ਨਹੀਂ ਲੱਭਦੀ
ਆਰਥਿਕ ਸਮੱਸਿਆਂਵਾਂ
ਵੱਧ ਰਹੇ ਚੋਰ
ਕਾਲੇ ਚਿੱਟੇ ਜਾਂ ਹੋਰ

ਮੇਰੀ ਕਵਿਤਾ ਨੇ ਨਹੀਂ ਦੇਖਿਆ
ਢਾਬੇ ਤੇ
ਰੋਟੀਆਂ ਵੰਡਦਾ ਬਾਲ

ਮੇਰੀ ਕਵਿਤਾ ਤਾਂ
ਅਜੇ ਵੀ ਕਰਦੀ ਹੈ
ਉਸਦੀ ਉਸ ਨਿਗ੍ਹਾ ਦੀ ਗੱਲ
ਜੋ ਉਡਦੀ ਤਿੱਤਲੀ ਮਗਰ
ਉਡਦੀ ਫਿਰਦੀ ਹੈ।

----0----0---

Thursday, November 19, 2009

ਕੁਰਕਸ਼ੇਤਰ

ਮੈਂ ਅੱਜ ਦਾ ਇਨਸਾਨ
ਮੇਰੇ ਅੰਦਰ
ਜਨਮਦੇ ਰਹਿੰਦੇ ਨੇ
ਮਹਾਂਭਾਰਤ ਦੇ ਪਾਤਰ
.
ਨਹੀਂ ਸਮਝ ਸਕਣਗੇ
ਮੇਰੇ ਕਿਰਦਾਰ ਨੂੰ
ਅੱਜ ਦੇ ਭੀਸ਼ਮ ਪਿਤਾਮਾ
.
ਮੈਂ ਹੀ ਦੁਰੋਪਦੀ ਨੂੰ
ਵਰ-ਦਾਂ ਹਾਂ
ਆਪਣੇ ਘਰ-ਬਾਰ ਦੀ ਕਰਦਾਂ ਹਾਂ
ਮੈਂ ਹੀ
ਸਰੇ ਬਜ਼ਾਰ
ਹਜਾਰਾਂ ਦੁਰੋਪਦੀਆਂ ਦਾ
ਚੀਰ ਹਰਣ ਕਰਦਾਂ ਹਾਂ।
.
ਕਦੇ ਮੇਰੇ ਅੰਦਰਲੇ ਕ੍ਰਿਸ਼ਨ ਨੇ
ਬੰਸੀ ਨਹੀਂ ਵਜਾਈ
ਬੇ-ਆਬਰੂ ਹੁੰਦੀ ਦੁਰੋਪਦੀ
ਕਦੇ ਨਹੀਂ ਬਚਾਈ
ਕਿਉਂਕਿ
ਇਸ ਭਰੀ ਸਭਾ ਵਿੱਚ
ਹਰ ਤਮਾਸ਼ਬੀਨ ਮੈਂ ਹੀ ਹਾਂ
.
ਮੇਰੇ ਅੰਦਰ ਵੀ
ਕੋਈ ਦੁਰੋਪਦੀ ਹੈ
ਜੋ ਅੰਦਰੇ ਕਿਸੇ ਖੂੰਜੇ
ਦੁਬਕ ਕੇ ਬੈਠੀ ਹੈ
ਉਹ ਤਾਂ ਕ੍ਰਿਸ਼ਨ ਤੋਂ ਵੀ ਡਰਦੀ
ਸਾਹ ਤੱਕ ਨਾ ਭਰਦੀ
.
ਉਹ ਨਹੀਂ ਹੋ ਸਕਦੀ
ਨਹੀਂ ਬਣ ਸਕਦੀ
ਮੇਰੇ ਅੰਦਰ
ਮਹਾਂ ਭਾਰਤ ਦਾ ਕਾਰਨ
.
ਮੈਂ ਹਾਂ ਅੱਜ ਦਾ ਇਨਸਾਨ
ਮੇਰਾ ਮਸਤਕ ਨਹੀਂ ਬਣਦਾ
ਕੁਰਕਸ਼ੇਤਰ ਦਾ ਮੈਦਾਨ!
.
ਕਿਓਂ..?
-----0------0---

Wednesday, November 18, 2009

ਕਿੰਨੇ ਹੀ ਪਰਬਤ
ਸਮੁੰਦਰ
ਜੰਗਲ
ਅਣਜਾਣ ਨੇ ਤੇਰੀ ਪੈੜ ਤੋਂ
-
ਤੇ
ਤੂੰ ਆਖਣੈ
ਤੂੰ ਹਰ ਥਾਂ ਹੈਂ।

---੦---੦---
ਕੁੱਝ ਯਾਦ ਕਰ ਯਾਰ
ਜਦ ਜੁਦਾ ਹੋਏ ਸੀ
ਤਾਂ ਐਵੈਂ ਨਿੱਕਾ ਜਿਹਾ ਵਾਅਦਾ ਸੀ
'ਫਿਰ ਮਿਲਾਂਗੇ'
-
ਦੇਖ ਓਸ ਮੌੜ ਤੇ
ਉੱਗੇ ਛੋਟੇ ਬੂਟੇ
ਅੱਜ ਬਿਰਖ ਬਣ ਗਏ ਨੇ।
ਪੌਣਾ ਪੱਤਿਆਂ ਨੂੰ
ਸੁਰ ਕਰਦੀਆਂ
ਚਿੜੀਆਂ ਗਾਉਂਦੀਆਂ ਗੀਤ
-
ਇੱਕ ਚੂੜੇ ਵਾਲੀ
ਰਾਹ 'ਚ ਆਈ
ਦੂਰੋਂ ਪੂਰਬ ਦੇ ਕਿਸੇ ਕੰਨਿਓਂ
ਸੂਰਜ ਨੇ ਸਿਰ ਚੁੱਕ ਦੇਖਿਆ
-
ਰਾਹੀ ਉਸਦੀਆਂ ਹੀ
ਗੱਲਾਂ ਕਰਦੇ ਲੰਘੇ
ਦੋਧੀ ਨੇ ਬਿਨ੍ਹਾਂ ਕਿਸੇ ਗੱਲੋਂ
ਸਾਇਕਲ ਦੀ ਘੰਟੀ ਖੜਕਾਈ
ਗੋਰੀ ਥੋੜਾ ਜਿਹਾ ਮੁਸਕਰਾਈ
-
ਮੈਨੂੰ ਤੂੰ ਯਾਦ ਆਈ।

------੦-- ------੦-----
ਤੂੰ ਕਿਹਾ ਸੀ
ਮੈਂ ਆਵਾਂਗੀ
.
ਤੂੰ ਨਹੀਂ ਆਈ
.
ਅੱਜ ਤੇਰੇ ਦੇਸ ਵੱਲੋਂ
ਠੰਡੀ ਹਵਾ ਦਾ ਬੁੱਲਾ ਆਇਐ
ਜਦ ਮੇਰੇ ਨਾਲ ਖਹਿ ਕੇ ਲੰਘਿਆ
ਮੈਂ ਸਮਝ ਗਿਆ
ਤੂੰ ਜਰੂਰ ਕੁੱਝ ਕਿਹਾ ਹੋਵੇਗਾ
ਇਸ ਦੇ ਕੰਨ ਵਿੱਚ

----੦----੦---
ਯਾਤ੍ਰਾ

ਅੱਜ
ਤੂੰ ਮਿਲਣ ਆਈ
ਮੈਂ ਚਾਰੇ ਯੁਗ ਜੀਅ ਲਏ
ਚਾਰੇ ਜਾਤਾਂ ਮੇਰੇ ਹਿੱਸੇ ਆਈਆਂ.
-
ਸਹਿਜ ਸੱਚ ਵਿੱਚ ਡੁੱਬੀ
ਮੇਰੀ ਪਿਆਰ ਅਭਿਲਾਸ਼ਾ
ਮੈਨੂੰ ਸਤਿਯੁਗ ਲੈ ਗਈ.
ਤ੍ਰੇਤਾ ਜੀਵੀਆ ਮੈ,
ਜਦ ਚਾਵਾਂ ਉਮੰਗਾ ਨਾਲ
ਤੈਨੂੰ ਸੀਨੇ ਲਾਇਆ
ਜਦ ਤੂੰ ਮੇਰਾ ਸੱਚ,ਮੈਨੂੰ ਦਖਾਇਆ
ਤਾਂ ਮੈਂ ਦੁਆਪਰ ਦੇ ਕਿਸੇ ਬੰਨ੍ਹੇ ਖੜਾ ਸਾਂ
ਕਿਸੇ ਤਪਸ਼ ਨਾਲ ਆਏ ਪਸੀਨੇ ਨੂੰ ਜਦ
ਮੈਂ ਮੱਥਿਓਂ ਪੂੰਝਿਆ
ਤਦ ਮੈਂ ਕਲਯੁਗ ਜੀਵਿਆ
-
ਤੇਰੀ ਦੇਹ ਦੇ ਵਿਚਾਰ ਨੇ
ਮੈਨੂੰ ਸ਼ੂਦਰ ਕੀਤਾ
ਮਨ ਦੀ ਲਾਲਸਾ ਵੈਸ਼
ਤੇ ਤੈਨੂੰ ਆਪਣੀਆਂ ਬਾਹਵਾਂ 'ਚ ਜਕੜਣਾ
ਸ਼ਾਇਦ ਮੇਰਾ ਖੱਤਰੀ ਪੁਣਾ ਸੀ।
.
ਆਖਰ ਤੇਰੀ ਕਿਸੇ ਗੱਲ ਤੇ ਜਦ
ਮੇਰੇ ਅੱਥਰੂ ਵਹਿ ਤੁਰੇ
ਤਦ ਮੈਂ
ਬ੍ਰਾਹਮਣ ਹੋ ਗਿਆ
----੦----੦------

Thursday, November 12, 2009

ਕਾਲੀ ਸੜਕ ਹੈ
ਦੂਰ ਤੱਕ ਵਿਛੀ


ਧੁੱਪ ਲਿਖਦੀ ਹੈ ਇਸ ਤੇ
ਡੱਬ ਖੜੱਬੇ ਅੱਖਰ
ਬਿਰਖਾਂ ਦੀਆਂ ਟਾਹਣੀਆਂ ਵਿਚੋਂ

ਜਰਾ ਖੜੋ
ਜਰਾ ਪੜ੍ਹ

ਰੱਬ ਨੇ ਇਹ ਕੀ ਇਬਾਰਤ ਲਿਖੀ ਹੈ।

---0----0---
ਮੈਂ ਤਾਂ ਹਰ ਸਲਾਬੇ ਮੌਸਮ 'ਚ
ਪੌਣਾ ਨੂੰ ਕਿਹਾ ਸੀ
ਕਿ ਜਰ੍ਹਾ ਕੁ ਰੁਮਕੋ.
ਕਿ
ਮੇਰਿਆਂ ਖਿਆਲਾਂ 'ਚੋ
ਮੇਰਿਆਂ ਸਵਾਲਾਂ 'ਚੋਂ
ਤੇਰੇ ਨਾਮ ਦੀ
ਸੜਦੀ ਬੋ ਚਲੀ ਜਾਵੇ

ਬੰਦ ਕਰ ਯਾਰ
ਆਰਤੀ ਅਰਦਾਸ ਨਮਾਜ

ਫੁੱਲ ਖਿੜੇ ਨੇ
ਕੋਈ ਗੀਤ ਗਾ।
----0----0---

ਕਵਿਤਾ


ਮੇਰੀ
ਨੰਨੀ ਧੀ
ਸਿੱਖ ਗਈ
ਨੰਬਰ ਡਾਇਲ ਕਰਨਾ
ਮੇਰੇ ਮੋਬਾਇਲ ਦਾ
ਨਾਈਨ ਏਟ ਸੈਵਨ ਸਿਕਸ ਟੂ
ਬੋਲਦੀ ਬੋਲਦੀ
ਦੱਬ ਲੈਂਦੀ ਹੈ ਬਟਨ
ਆਪਣੀ ਮੰਮੀ ਵਾਲੇ ਮੋਬਾਇਲ ਦੇ
ਤੇ
ਕਿੰਨ੍ਹਾਂ ਚਿਰ ਮਾਰਦੀ ਰਹਿੰਦੀ ਹੈ ਜੜਾਂਗੇ
ਮੇਰੇ ਨਾਲ।
-
ਤੁਸੀਂ ਦੇਖਿਆ
ਉਹ ਅਜੇ ਵੀ ਕਰ ਲੈਂਦੀ ਹੈ ਗੱਲਾਂ
ਆਪਣੇ ਖਿਡਾਉਣੇ ਮੋਬਾਇਲ ਤੋਂ
0
ਸ਼ਹਿਰੀ ਛਿੱਕ

ਦਫਤਰੋਂ
ਨਿਕਲਦਿਆਂ
ਠੰਡੀ ਹਵਾ ਦੇ
ਅਚਾਨਕ ਟਕਰਾਏ
ਬੁੱਲ੍ਹੇ ਨਾਲ
ਮੈਂ ਛਿੱਕ ਮਾਰਦਾਂ..
.
ਮੈਂ ਦੂਰ
ਪਿੰਡ ਤੋਂ ਆਇਆ
ਮੱਧ ਵਰਗੀ ਪਰਿਵਾਰ ਦਾ
ਪੇਂਡੂ ਪੁੱਤ ਹਾਂ
.
'ਉਜੱਡ'
ਪਿੱਛੋਂ ਮੈਨੂੰ
ਅਵਾਜ ਸੁਣਦੀ ਹੈ
ਸ਼ਹਿਰੀ ਕੁਲੀਗ ਬੀਬੀਆਂ ਦੀ
ਜੋ ਮੇਰੇ ਕੋਲ
ਅਕਸਰ
ਪਿੰਡਾ ਦੇ ਖੁੱਲੇਪਣ
ਖੁੱਲੇ ਖੇਤਾਂ
ਠੰਡੀਆਂ ਹਵਾਵਾਂ
'ਫਰੈੱਸ਼ ਏਅਰ'ਦੀਆਂ ਗੱਲਾਂ ਕਰਦੀਆਂ ਨੇ
.
ਸਾਲ ਹੋ ਚੱਲਿਐ
ਮੈਂ ਨਹੀਂ ਸਿੱਖ ਸਕਿਆ
'ਐਕਸਕਿਊਜ਼ ਮੀ' ਤੋਂ ਪਹਿਲਾਂ ਮਾਰਨੀ
ਸ਼ਹਿਰੀ ਛਿੱਕ !
----0----0---
ਜਿੰਦਾ ਲਾਸ਼ਾਂ ਦਾ ਦਰਿਆ

ਮੇਰੇ ਘਰ ਦੀ
ਸਾਹਮਣੀ ਸੜਕ ਤੇ
ਇੱਕ ਦਰਿਆ ਵਗਦਾ
ਸਵੇਰੇ ਸ਼ਾਮੀਂ
.
ਇਹ ਹੜ੍ਹ ਕੇ ਲਿਜਾ ਰਿਹੈ
ਜਿਉਦੀਆਂ ਜਾਗਦੀਆਂ ਲਾਸ਼ਾਂ
ਉਨ੍ਹਾਂ ਦੇ ਢਿੱਡਾਂ
ਤੇ
ਉਨ੍ਹਾਂ ਦੇ ਸੁਪਨਿਆਂ ਸਮੇਤ
.
ਹੋਰ ਤੇ ਹੋਰ
ਕੋਈ ਸਾਗਰ ਨਹੀਂ
ਇਸਦੀ ਮੰਜਿਲ
ਇਹ ਤਾਂ ਰੋਜ ਵਗਦੈ
ਰੋਜ ਪਰਤ ਆਉਦੈਂ
ਤੇਜ ਪੈਰੀਂ
ਜਿਵੇਂ ਇਹਦੀਆਂ ਲਹਿਰਾਂ ਨੂੰ
ਸਾਗਰ ਨਸੀਬ ਹੀ ਨਾ ਹੋਵੇ

ਲਮਕਦੇ ਚਿਹਰਿਆਂ ਦੇ
ਇਸ ਦਰਿਆ ਨੂੰ
ਕਦ ਮਿਲੇਗਾ ਸਾਗਰ
ਸਮਾਉਣ ਲਈ

ਮੇਰੇ ਘਰ ਦੀ
ਸਾਹਮਣੀ ਸੜਕ ਤੇ
ਇੱਕ ਦਰਿਆ ਵਗਦਾ ਹੈ

ਇੱਕ ਛੱਲ
ਮੈਨੂੰ ਵੀ ਰੋੜ ਚੱਲੀ ਹੈ
ਦੇਖੀਏ
ਮੈਂ
ਪਰਤਦਾਂ ਕਿ ਨਾਂ.।
----0---0----
ਅਸੀਸ

ਮੇਰੇ ਬੱਚੇ
ਤੇਰੇ ਸਿਰ ਤੇ
ਆਪਣਾ ਹੱਥ ਫੇਰਦਿਆਂ
.
ਮੈਂ ਗੈਰ ਹਾਜਰ ਹੁੰਨਾਂ
.
ਹਾਜਰੀ ਹੂੰਦੀ ਹੈ ਮੇਰੀ
ਤੇਰੇ ਭਵਿੱਖ ਵਿੱਚ
.
ਜਿਥੇ ਮੈਂ
ਦੇਖਦਾਂ
ਤੇਰਾ ਤੇਜ
ਚਿੰਤਨ ਨਾਲ ਚਮਕਦਾ
ਦਗ ਦਗ
ਚਿਹਰਾ
.
ਤੂੰ ਮੇਰੇ ਬੱਚੇ
ਰਾਹ ਤੋਂ
ਉਤਰਿਆ
ਉਤਰਿਆ
ਵੱਖ ਚੱਲ!

----0---0
ਫੈਲਾਅ

ਤਖਤਾਂ ਦੇ
ਨਿਰਮਾਣ ਤੋਂ ਪਹਿਲਾਂ
ਮੈਂ ਕਿਥੇ ਲੱਭਦਾ ਸੀ
ਮਨ ਦਾ ਚੈਨ
ਰੂਹ ਦੀ ਸ਼ਾਂਤੀ

ਸ਼ਾਇਦ
ਉਹ
ਕਿਸੇ ਹੀਰ
ਸੱਸੀ
ਸਾਹਿਬਾਂ ਦੇ
ਜ਼ੁਲਫਾਂ ਦੀ ਛਾਂ ਹੋਵੇਗੀ
.
ਤਖਤ ਬਣੇ
ਤਾਜ ਬਣੇ
ਤਾਜਪੋਸ਼ੀਆਂ ਹਈਆਂ
ਤੇਰਾ ਮੇਰਾ
ਵੰਡ ਹੋਈ
ਬੰਬ ਬਣੇ

ਕੀ ਜ਼ੁਲਫਾ ਹੇਠ
ਲੁਕਣ ਦਾ
ਜਰਾ ਕੁ ਝੁਕਣ ਦਾ
ਅਨੰਦ ਜਿਆਦਾ ਸੀ
ਤਖਤਾਂ ਦੇ
ਨਿਰਮਾਣ ਤੋਂ ਪਹਿਲਾਂ.।

---0----0---

Friday, November 6, 2009

ਪੰਨਿਆਂ ਨੂੰ ਲਈ ਨਵੇਂ ਅਲਫਾਜ਼ ਲੱਭ
ਚੀਕਾਂ ਨੂੰ ਸੁਰ ਕਰਨ ਜੋ ਐਸੇ ਸਾਜ ਲੱਭ

ਵਿਰਾਨ ਅੱਖਾਂ ਵਿੱਚ ਵਸਣ ਆਕੇ
ਅੰਨ੍ਹੇਂ ਨੈਣਾ ਲਈ ਕੋਈ ਰੋਸ਼ਨ ਖਾਬ ਲੱਭ

ਪਰਤੀਏ ਹੁਣ ਘਰਾਂ ਨੂੰ ਗੀਤਾਂ ਦੀ ਕਿਤਾਬ ਲੈ
ਘਰਾਂ 'ਚ ਸਜਿੰਦੇ ਅਬਾਦ ਲੱਭ

ਇਹ ਸੂਰਜ ਦੇ ਤੇਜ ਦਾ ਸਵਾਲ,
ਜਾ ਦੀਵੇ ਦੇ ਕੋਲੋਂ ਇਹਦਾ ਜਵਾਬ ਲੱਭ

ਕੋਰੇ ਪੰਨਿਆਂ ਲਈ ਚੁੱਪ ਦੇ ਅਲਫਾਜ ਲੱਭ
ਆਤੰਕ ਦੇ ਚੇਹਰੇ

ਚੌਂਹ ਕਿਨਾਰੇ ਤੌੜ
ਅੱਜ ਦਹਿਸ਼ਤ...

ਭਾਨੇ ਨੂੰ ਆਉਂਦੀ ਹੈ ਗੂੜੀ ਨੀਂਦ
ਓਹ ਦੂਰ ਹੈ
ਮੁੰਬਈ ਦੇ ਤਾਜ ਤੋਂ
ਘੁੱਪ ਵਸਦੇ ਪਿੰਡ।
ਹਾਂ ਉਸਦੀ ਖੱਬੀ ਵੱਖੀ
ਕਦੇ ਕਦਾਈਂ
ਚੀਸ ਵਜਦੀ ਹੈ
“ਤੇਰੀ ਓਏ ...”
ਗੁਰ-ਮੰਤਰ ਪੜ੍ਹ
ਓਹ ਫੇਰ ਪਾਸਾ ਪਰਤ ਸੌਂ ਜਾਂਦੈ।

ਵੱਡੇ ਸਰਦਾਰ ਦਾ ਵੱਖੀ 'ਚ ਵੱਜਿਆ ਠੁੱਡਾ
ਤਾਜ ਦਾ ਸੜਦਾ ਗੁੰਬਦ
ਬੁਸ਼ ਵੱਲ ਮਾਰਿਆ ਬੂਟ
ਕਿੰਨੇ ਸ਼ਾਨਦਾਰ ਪ੍ਰਤੀਕ ਨੇ ਦਹਿਸ਼ਤ ਦੇ!!!

ਓਏ! ਕਲਮ ਕਿਓਂ ਤੋੜਦੇ ਓਂ।

0
ਪਲ ਭਰ ਵਿਚ ਮੁੱਕ ਜਾਵਣ ਜੋ
ਓਹ ਖੁਸ਼ੀਆਂ ਦੀ ਭਾਲ ਨਾ ਕਰ

ਇਹ ਨਸ਼ਾ ਭਲਾ ਕਾਹਦਾ ਹੈ
'ਨੇਰਿਆਂ ਦੀ ਮਦ ਹੈ, ਸੰਭਾਲ ਨਾ ਕਰ

ਭਿੱਜ ਜਾ, ਮਸਤੀ ਦੀ ਫੁਆਰ ਹੈ
ਵਕਤ ਹੈ, ਨੱਚ ਲੈ, ਟਾਲ ਨਾ ਕਰ

ਹੱਸਦੇ ਰੋਂਦੇ ਨੇ ਕਰਮਾਂ ਵਾਲੇ
ਖਾਰਾ ਹੈ ਪਾਣੀ, ਜਾਣ ਦੇ,ਰੁਮਾਲ ਨਾ ਕਰ।

ਕੌਣ ਹੈਂ ਤੂੰ ਬੋਲਣ ਵਾਲਾ
ਉੱਤਰ ਮਿਲਦੈ,ਐਂਵੇ ਸਵਾਲ ਨਾ ਕਰ

ਓਹ ਤਾਂ ਮਸਤ ਹੈ,ਰੋਏਗਾ ਹੱਸੇਗਾ ਵੀ
ਰੁਕ, ਨਾ ਟੋਕ,ਉਸਦਾ ਬਹੁਤਾ ਖਿਆਲ ਨਾ ਕਰ।

0
LCD ਹੁਣੇ ਲਗਾਈ ਹੈ?



ਪੱਥਰਾਂ ਦੀ ਦੁਨੀਆਂ ਹੈ
ਭੁਲੇਖਿਆ ਵਰਗੇ ਲੋਕ


ਅਸਮਾਨ ਦੇੇ ਨੀਲੇ ਸਮੁੰਦਰ 'ਚ
ਰੂੰਈ ਵਰਗੇ ਬੱਦਲ
ਪਾਰਕ ਵਿੱਚ
ਬਜੁਰਗਾਂ ਦੇ ਬੈਂਚ ਦੇ ਪਿੱਛੇ
ਦੋ ਕੁਆਰੇ ਫੁੱਲ ਖਿੜੇ ਹੋਏ ਨੇ

ਚਾਰ ਕਣੀਆਂ ਪਿਛੋਂ
ਮਿੱਟੀ ਦੀ ਸੋਂਧੀ ਸੋਂਧੀ ਮਹਿਕ
ਇਥੇ ਨਹੀਂ ਲਭਦੀ
ਜੁਕਾਮ ਹੋ ਗਿਐ ਸ਼ਾਇਦ
ਜਾਂ ਮਹਿਕ ਦੀ ਪਹਿਚਾਣ ਭੁੱਲ ਗਈ ਏ।

ਨੁਸਰਤ ਹੰਸ ਸਾਬਰ
ਗੁਲਾਮ ਅਲੀ ਜਗਜੀਤ
ਵਡਾਲੀ ਜਾਂ ਬਰਕਤ ਨਹੀਂ
ਇਥੇ ਸਾਨੂੰ ਆਉਂਦੀਆਂ ਜਾਂਦੀਆਂ ਕਾਰਾਂ ਦੀ,
ਡੂੰਅ ਡੂੰਅਅ
ਡੂੰਅ ਡੂੰਅਅ
ਸੁਣਾਈ ਦਿੰਦੀ ਹੈ ਬਸ।

ਨਹੀਂ
ਇੱਥੇ ਅਸੀਂ ਰੂੰਈ ਵਰਗੇ ਬੱਦਲਾਂ,
ਕੁਆਰੇ ਫੁੱਲਾਂ ਮਹਿਕ-ਮੁਹਕ
ਤੇ ਤੇਰੇ ਆਹ ਸੁਰਾਂ ਦੀਆਂ ਗੱਲਾਂ ਨਹੀਂ ਕਰਦੇ
ਹਾਂ ਕੋਠੀ ਉਤੇ ਕੀਤੇ ਬੁੱਚ-ਵਰਕ ਦੀਆਂ ਗੱਲਾਂ ਜਰੂਰ ਕਰਦੇ ਹਾਂ।
ਕੋਠੀ ਸਜਦੀ ਹੈ ਇੰਟੀਰੀਅਰ ਵੀ ਚੰਗੈ,
ਫਰਨੀਚਰ ਦਾ ਤਾਂ ਕਿਆ ਕਹਿਣੈ
ਹਾਂ LCD ਹੁਣੇ ਲਗਾਈ ਹੈ।
0
ਸਿਰਫ ਸਲਾਖਾਂ ਦੀ ਕੈਦ ਹੀ ਕੈਦ ਨਹੀ ਹੁੰਦੀ
.
ਰੂਹ ਕੈਦ ਹੈ
ਜਿਸਮ ਦੇ ਪਿੰਜਰੇ 'ਚ

ਮਨ ਕੈਦ ਹੈ
ਜਜਬਾਤਾਂ ਦੀਅ ਕੁੰਡੀਆਂ ਦੰਦੀਆਂ 'ਚ

ਮੈਂ ਤੂੰ ਕੈਦ ਹਾਂ
ਧਰਮ ਦੇ ਚੌਰਸ ਚੌਖਟੇ 'ਚ
ਮੁਰਦਾ ਤਸਵੀਰ
ਹੋਂਠਾ ਤੇ ਮੁਸਕਰਾਹਟ ਕੈਦ ਹੈ

ਕਲਮ ਤੇ ਜੀਭ ਕੈਦ ਨੇ
ਸਮਾਜ ਦੀ ਹੋਂਦ 'ਚ

ਪਿੰਡੋਂ ਆਇਆ ਬਜੁਰਗ ਬਾਪੂ ਕੈਦ ਹੈ
ਪੁੱਤ ਦੀ ਉੱਚੀ ਕੋਠੀ ਦੀ ਇੱਕ ਵਾਰੀ ਵਿਚ

ਰੰਗੀਨੀਆਂ ਕੈਦ ਨੇ
ਤਲਖੀਆਂ ਦੇ ਪਥਰੀਲੇ ਜੰਗਲ 'ਚ
ਜਿਥੇ ਸੁਹਜ ਤੇ ਸੱਚ
'ਪਰੈਕਟੀਕਲ ਹੋਣ' ਦੀਆਂ ਕੰਧਾ ਨਾਲ ਸਿਰ ਭੰਨਦੇ ਨੇ

ਸਿਰਫ ਸਲਾਖਾਂ ਦੀ ਕੈਦ ਹੀ ਕੈਦ ਹੀ ਕੈਦ ਨਹੀਂ ਹੁੰਦੀ

0

ਸਤਿਨਾਮ ਕਹਿੰਦੇ ਕਹਿੰਦੇ
ਮੂੰਹੋਂ ਨਿੱਕਲ ਜਾਂਦਾ ਹੈ
ਅੱਲਾ
ਕਦੇ
ਰਾਮ
-
ਤਿੰਨੋਂ ਖੁਸ਼ ਨੇ
ਗੁਰੂ ਪੀਰ ਭਗਵਾਨ

ਲੋਕ?
ਇਹਨਾਂ ਦੀ ਨਾ ਪੁੱਛੋ

ਕੁੱਝ ਮਨਮੁੱਖ,
ਕੁੱਝ ਕਾਫਰ,
ਕੁੱਝ ਬੇਈਮਾਨ ਕਹਿੰਦੇ ਨੇ।
0

ਇਹ ਤਾਂ ਸਜਿੰਦੇ ਦੀ ਰੂਹ ਸੀ
ਜੋ
ਰਚ ਰਹੀ ਸੀ
ਸੰਗੀਤ ਦਾ ਰੱਬੀ ਸੰਸਾਰ
-
ਬਾਂਸ ਦੀ ਕੀ ਮਜਾਲ
ਜੋ ਕਹਿ ਸਕੇ ਦਿਲ ਦੀ ਗੱਲ
ਓਸ ਦੀ ਫੂਕ ਹੀ ਬਣਦੀ ਹੈ
ਇਲਾਹੀ ਨਾਦ
ਓਸ ਦੀਆਂ ਉਂਗਲਾਂ ਹੀ ਕਰਦੀਆ ਨੇ
ਸੁਰਾਂ ਨਾਲ ਸਰਗੋਸ਼ੀਆ
-
ਬਾਂਸ ਨੂੰ ਇਕੱਲਾ ਨਾ ਰਹਿਣ ਦਿਓ
ਕਿਤੇ ਲੋਕ ਲੱਕੜੀ ਸਮਝ ਬਾਲ ਨਾ ਦੇਣ
ਜੋੜੀ ਰੱਖੋ ਉਸਦੇ ਹੋਠਾਂ ਨਾਲ
ਤਾਂ ਕਿ
ਬਾਂਸੁਰੀ ਦੀ ਜਾਤ ਬਣੀ ਰਹੇ।
0