Friday, October 15, 2010

ਗੀਤਾਂ ਨੇ ਮੁੜਕੇ ਆਉਣਾ

ਭਟਕੇ ਗੀਤਾਂ ਨੇ ਚੱਲ ਕੇ
ਵਾਪਸ ਘਰ ਨੂੰ ਆਉਣਾ ਹੈ
ਜ਼ਰਾ ਕੁ ਰੱਤ ਜ਼ਰਾ ਕੁ ਹੰਝੂ
ਦਿਓ ਸਰਦਲਾਂ ਨੂੰ ਧੋਣਾ ਹੈ

ਧਰੋ ਗੀਤਾਂ ਦੇ ਮੱਥੇ
ਸ਼ਬਦਾਂ ਦੀਆਂ ਪੱਟੀਆਂ
ਗੀਤਾਂ ਨੂੰ ਚੜਿਆ ਤਾਪ
ਅਰਥਾਂ ਨੇ ਅੱਜ ਲਉਣਾ ਹੈ

ਨਾ ਜਾਵੋ ਨਾ ਜਾਵੋ
ਵਿਲਕੇ ਲਫਜ ਬਥੇਰੇ ਰਾਤੀਂ
ਗੀਤ ਬਰੂਹਾਂ ਟੱਪ ਗਏ
ਉਨ੍ਹਾਂ ਮੁੜਕੇ ਕਦ ਆਉਣਾ ਹੈ

ਮੈਂ ਸੱਜਣ ਤੇਰੇ ਪੈਰਾਂ ਥੱਲੇ
ਵਿਛਿਆ ਤੱਤਾ ਰੇਤਾ
ਫਿਤਰਤ ਮੇਰਾ ਤਪਣਾ ਤਪਾਉਣਾ
ਗੱਲੀਂ ਠੰਡਕ ਪਾਉਣਾ ਹੈ

ਪੱਛਮ ਦੀਆਂ ਹਨੇਰੀਆਂ
ਪੂਰਬ 'ਨੇਰਾ ਕੀਤਾ ਹੈ
ਗੀਤਾਂ ਦੀ ਕੋਈ ਕੰਧ ਉਸਾਰੋ
ਪੂਰਬ ਨੂੰ ਰੁਸ਼ਨਾਉਣਾ ਹੈ..
-----0---0-----
ਧਰਮਿੰਦਰ ਸੇਖੋਂ

Saturday, June 12, 2010

ਭਾਸ਼ਾ-ਅੰਤਰ


ਮਹਿਰਮ
ਅਕਸਰ
ਗੱਲ ਕਰਦਿਆਂ
ਤੇਰੇ ਨਾਲ
ਮੈਂ ਚੁੱਪ ਹੋ ਜਾਨਾਂ

ਤੂੰ ਸਮਝਦਾ ਹੀ ਨਹੀਂ
ਧਕ ਧਕ
ਟਪ ਟਪ
ਤੇ
ਤੇਰੇ ਨਾਲ
ਗੱਲ ਕਰਨ ਲਈ
ਆਉਂਦੀ ਨਹੀਂ ਮੈਨੂੰ

ਕੋਈ ਹੋਰ ਭਾਸ਼ਾ।

---0----0---

Friday, June 4, 2010

ਗਜ਼ਲ

ਖਤ ਉਡੀਕਦਾ ਘਰ ਸਰਦਲ ਹੋ ਗਿਆ
ਹੋਣਾ ਨਹੀਂ ਸੀ,ਪਰ ਬਿਨ ਤੇਰੇ ਸਰ ਹੋ ਗਿਆ

ਨਰਾਜ ਰੁਕਮਣੀ ਕਹੇ ਤੂੰ ਕ੍ਰਿਸ਼ਨ ਨਹੀਂ
ਫਿਰ ਉਸਤੇ ਕਿਓਂ ਰਾਧਾ ਦਾ ਅਸਰ ਹੋ ਗਿਆ

ਤੂੰ ਅੰਬਰ ਦਾ ਤਾਰਾ ਸੀ ਮੇਰੇ ਮਹਿਬੂਬ
ਦੇਖ ਤੇਰੇ ਕਰਕੇ ਮੈਂ ਅੰਬਰ ਹੋ ਗਿਆ

ਤੂੰ ਕੋਲ ਸੀ ਮੈਂ ਤਰਲ ਰਿਹਾ ਪਾਣੀਆਂ ਜਿਹਾ
ਤੂੰ ਦੂਰ ਕੀ ਗਈ ਮੈਂ ਹੌਲੀ ਹੌਲੀ ਪੱਥਰ ਹੋ ਗਿਆ

ਮੈਂ ਤੋਂ ਤੂੰ ਤੱਕ ਆਉਦਿਆਂ ਆਉਦਿਆਂ
ਬਿਖੜਾ ਸੀ ਸਫਰ ਪਰ ਇਹ ਸਫਰ ਹੋ ਗਿਆ

------ 0 --------

Friday, April 23, 2010

ਮਨਮੋਹਨ ਦਾ ਚਚੇਰਾ ਭਰਾ ਓਬਾਮਾ

ਅੱਜ
ਇੱਕ ਭੇਤ ਖੁਲਿਆ
ਸਦੀਆਂ ਤੋਂ
ਹਵਾਵਾਂ 'ਚ ਰਲਿਆ

ਮੇਰੇ ਹੀ ਪਿੰਡ ਦੇ ਬੰਦੇ
ਕੁੱਝ ਮਾੜੇ ਕੁੱਝ ਚੰਗੇ
ਮੇਰੇ ਹੀ ਨੇ ਚਾਚੇ ਤਾਏ
ਭੈਣ ਭਰਾ
ਪਤਾ ਚੱਲਿਆ
ਬੰਸਾਬਲੀ ਦੇਖਦਿਆਂ

ਬੁਸ਼ ਬੰਸਾ ਤੇ ਬਸ਼ਰਦੀਨ
ਓਬਾਮਾ ਓਸਾਮਾ ਓਮੀ ਤੇ ਉਮਰਦੀਨ
ਕਿਤੇ ਤਾਂ ਤਾਰ ਇਨ੍ਹਾਂ ਦੀ
ਜੁੜਦੀ ਹੋਊ ਮਹੀਂਨ

ਹਜਾਰਾਂ 'ਚੋਂ ਸੌ
ਸੌ ਵਿੱਚੋਂ ਵੀਹ ਪੰਜਾਹ
ਅੱਗੇ ਦੋ ਤਿੰਨ
ਤਾਂ ਹੀ ਤਾਂ
ਹੱਥ ਪੈਰ ਲਹੂ ਮਿੱਝ
ਇੰਨ ਬਿੰਨ

ਇੱਕ ਦੋ ਤਿੰਨ
ਵਧਦੇ ਖਿੰਡਦੇ
ਬਣ ਗਏ
ਗੋਰੇ ਕਾਲੇ
ਹਿੰਦੂ ਸਿੱਖ ਇਸਾਈ
ਜਾਂਤਾਂ ਥਾਵਾਂ
ਸੱਭਿਆਤਾਵਾਂ
ਭਿੰਨ ਭਿੰਨ

ਆਓ
ਬੰਸਾਵਲੀ ਦੇਖੀਏ
ਦੇਈਏ ਦੂਰੀਆਂ ਮਿਟਾ

ਜੇਕਰ ਪਤਾ ਚੱਲਜੇ
ਕਰਜ਼ਈ ਤੇ ਓਬਾਮਾ
ਮਨਮੋਹਨ ਦੇ ਨੇ ਚਚੇਰੇ ਭਰਾ
----0---0---

ਰੇਸ਼ਮ ਦੇ ਕੀੜੇ ਕਿੱਥੇ ਜਾਣ


ਰੇਸ਼ਮ ਦੇ ਕੀੜੇ ਕਿੱਥੇ ਜਾਣ


ਇਹ ਲਾਇਬ੍ਰੇਰੀ ਹੈ
ਦੇਸੀ ਵਿਦੇਸ਼ੀ
ਸ਼ਾਇਰ
ਲੇਖਕ

ਸ਼ਾਇਰ ਬਹੁਤ ਪੜ੍ਹਦਾ ਹੈ

ਹਾਈਬ੍ਰਿਡ ਖਿਆਲਾਂ ਨੂੰ
ਪੰਜਾਬੀ ਕਵਿਤਾ ਬਣਾ ਕੇ ਲਿਖਦਾ

ਜ਼ੀਨ ਨਾਲ ਪੰਜਾਬੀ ਕੁਰਤਾ ਪਾ
ਅਜ਼ੀਬ ਜਿਹੀ ਤੱਕਣੀ ਤੱਕਦਾ


ਪਾਬਲੋ ਹਿਕਮਤ ਮਾਇਕੋਵਸਕੀ
ਦੀ ਗੱਲ ਕਰਦੈ

ਸ਼ਿਵ ਪਾਤਰ ਪਾਸ਼ ਤੋਂ ਪਹਿਲਾਂ

ਹਾਂ
ਇਹ ਲਾਇਬ੍ਰੇਰੀ ਹੈ..।

-0---0---

ਕਦੇ ਕਦੇ ਦੀ ਗੱਲ

ਉਸਨੂੰ ਜਾ ਕੇ ਦੱਸ ਆਵੋ

ਅੰਨ੍ਹੇਂ ਜ਼ਖਮਾਂ ਦਾ
ਚਲਿੱਤਰੀ ਹਾਸਾ

ਹਨੇਰੇ ਦੀ ਹੋਂਦ ਤੋਂ
ਮੁਨਕਰ ਹੋ ਗਿਐ

ਚੱਲ ਯਾਰ
ਘੁੱਟ ਪੀ

ਕਵਿਤਾ ਫਿਰ ਲਿਖਾਂਗੇ।

---0---0---

Friday, April 9, 2010

ਇੱਕ ਚੁੱਪ ਹਰ ਥਾਂ

ਇਹ ਜੋ ਸ਼ਬਦ ਨੇ

ਪਹਿਲਾਂ ਸਨ

ਹਵਾ 'ਚ ਤੈਰਦੀ

ਤਲਿਸਮੀ ਚੁੱਪ

ਹਵਾ
ਜੋ ਨਹੀਂ ਟੁੱਟਦੀ
ਹੱਥ ਮਾਰਿਆਂ

ਚੁੱਪ
ਜੋ ਹੋਰ ਗਹਿਰਾ ਜਾਂਦੀ
ਚੀਕ ਮਾਰਿਆਂ

ਇਹ
ਅਜਬ ਯਾਤ੍ਰਾ ਕਰਦੀ

ਲਿਖਣ-ਥਾਂ ਤੋਂ
ਪੜ੍ਹਨ-ਥਾਂ ਤੱਕ

ਚੁੱਪ
ਖਿੰਡ ਜਾਂਦੀ
ਵਧ ਜਾਂਦੀ

ਸਾਰੇ ਵਿਸਥਾਰ

---0----0----
ਚੱਲ ਇੰਝ ਕਰਕੇ ਦੇਖੀਏ

ਨਾਲ ਦੇ ਮੰਦਰ

ਟੱਲੀਆਂ ਦੀ ਟੁਣਕਾਰ
ਧੂਫ ਬੱਤੀ
ਅਨੰਦਿਤ ਕਰਨ ਵਾਲਾ ਵਾਤਾਵਰਨ

ਭਿਕਸ਼ੂ
ਅੱਖਾਂ ਮੀਟ
ਕੋਸ਼ਿਸ਼ ਕਰਦੈ
ਧਿਆਨ ਮਗਨ ਹੋਣ ਲਈ

ਨਾਲ ਦੇ ਘਰ

ਚਾਰ ਪੰਜ ਕੁ ਸਾਲ ਦਾ ਬੱਚਾ
ਖੇਡ ਰਿਹੈ
ਪਾਣੀ 'ਚ ਖੰਡ ਘੋਲਦੈ
ਪੀ ਲੈਂਦੈ
ਖੁਸ਼ ਹੋ ਰਿਹੈ

ਛਾਲਾਂ ਮਾਰਦਾ ਫਿਰਦੈ

------0-------0------

ਘਰ-ਘਰ

ਉਹ ਮੇਰੇ ਨਾਲ ਘਰ ਘਰ ਖੇਡਦੀ

ਰੁਸਦੀ

ਮੰਨਦੀ

ਜਿੱਦ ਜਿਹੀ ਕਰਦੀ


ਕਹਿੰਦੀ
ਪੈਰ ਨਾ ਹਟਾਈਂ

ਥਾਪੜਦੀ

ਹੋਰ ਸਿੱਲੀ ਸਿੱਲੀ ਮਿੱਟੀ ਪਾਉਂਦੀ
ਮੇਰੇ ਪੈਰ ਦੁਆਲੇ

ਬਾਹਰ ਤੋਂ

'ਚੀਜਾਂ ਵਾਲੇ ਭਾਈ' ਦਾ ਹੋਕਾ

ਮੈਂ
ਪੈਰ ਖਿੱਚ

ਭੱਜ ਜਾਂਦਾ

ਬਾਹਰ


ਮਿੱਟੀ ਦਾ ਘਰ
ਢਹਿ ਜਾਂਦਾ

ਉਹ

ਹੁਣ

ਘਰ ਘਰ ਨਹੀਂ ਖੇਡਦੀ

ਕਦੇ ਕਿਸੇ ਨਾਲ

---0----0-----

ਬਸ ਇੰਨੀ ਕੁ ਲੋੜ

ਮੇਰੀ ਕਵਿਤਾ ਨੂੰ

ਲੋੜ ਹੁੰਦੀ

ਬਸ ਤਿੰਨ ਕੁ ਚੀਜਾਂ ਦੀ

ਇੱਕ ਚਾਹ ਦਾ ਕੱਪ
ਨੁਸਰਤ
ਬਸ ਜ਼ਰਾ ਕੁ
ਅਸਿਹ ਚੁੱਪ !

------0-----0-----0----

Wednesday, March 3, 2010

ਮਰਣ ਤੋਂ ਪਹਿਲਾਂ

ਮਰਣ ਤੋਂ ਪਹਿਲਾਂ
ਕੀ ਹੈ ਜਿੰਦਗੀ?

ਸਾਹਾਂ ਦੀ ਕੱਚੀ ਡੋਰ
ਆਸਾਂ ਦੀ ਚਰਖੜੀ

ਤੇਜ ਹਵਾਵਾਂ 'ਚ ਡੋਲਦੀ
ਪਤੰਗ

ਖਿੱਚ ਯਾਰ
ਮਾਰ
ਦੋ ਚਾਰ
ਹਝਕੇ

ਕਰ ਹਵਾਵਾਂ ਤੋਂ ਉੱਪਰ

ਇਹ ਅਡੋਲ ਰਹੇ !
----0----0---
ਕਵਿਤਾ

ਪੁੰਨ ਨਿਮਾਣੇ ਅਰਥਾਂ ਦਾ
ਖੱਟਾਂ ਤਾ ਖੱਟਾਂ ਯਾਰ ਕਿਸ ਤਰਾਂ
ਪਹਿਰਣ ਦੇਵਾਂ ਲਫਜਾਂ ਦੇ
ਰੇਸ਼ਮੀ ਜਾਂ ਮਖਮਲੀ

ਭਟਕਦੇ ਗੀਤਾਂ ਨੂੰ ਆਖੋ
ਬੈਠਣ ਦੋ ਘੜੀ
ਐਂਵੇ ਨਾ ਜਾਣ ਬੇ-ਸਬਰੇ
ਹੋਰ ਤੁਰੀ

ਉਮਰਾਂ ਦੀ ਤਿੱਖੀ ਧੁੱਪੇ
ਉਡਿਆ ਗੀਤਾਂ ਦਾ ਰੰਗ
ਗੀਤ ਮੇਰੇ ਭਟਕ ਗਏ
ਪੁਗਾਈ ਮਾਰੂਥਲ ਅੜੀ

ਸੋਨੇ ਦੇ ਜੰਗਲ 'ਚੋਂ ਲੱਭਦਾ
ਚਾਂਦੀ ਦੇ ਕੁੱਝ ਬੀਜ ਪੁੰਗਰੇ
ਨਾ ਕੋਈ ਕਵਿਤਾ ਦੇ ਫੁੱਲ ਖਿੜੇ
ਨਾ ਕਿਸੇ ਗੀਤ ਦੀ ਪੱਤ ਹਰੀ
----0---000---
ਗੀਤ

ਆ ਅਰਸ਼ਾਂ ਦੀ ਪਰੀਏ ਨੀਂ
ਆ ਰੱਜ ਕੇ ਗੱਲਾਂ ਕਰੀਏ ਨੀਂ

ਇਹ ਦੁਨੀਆਂ ਇੱਕ ਮੇਲਾ ਹੈ
ਇਥੇ ਹਰ ਇੱਕ ਦਾ ਨਵਾਂ ਝਮੇਲਾ ਹੈ
ਮੁਹੱਬਤਾਂ ਕਰੀਏ ਤਾਂ ਕਰੀਏ
ਨਾ ਲੋਕਾਂ ਕੋਲੋਂ ਡਰੀਏ ਨੀਂ

ਜੇ ਖੁਸ਼ਬੂ ਤੇਰੀ ਛੋਹ ਜਾਵੇ
ਮੇਰੀ ਬੱਲੇ ਬੱਲੇ ਹੋ ਜਾਵੇ
ਹਾਏ ਦੂਰ ਦੂਰੀਆਂ ਕਰੀਏ
ਆ ਹੱਥਾਂ ਵਿੱਚ ਹੱਥ ਫੜੀਏ ਨੀਂ

ਗਾਵਾਂ ਗੀਤ ਜੇ ਤੇਰੇ ਪਿਆਰ ਦੇ
ਭੈੜੇ ਲੋਕੀਂ ਤਾਹਨੇ (ਬੜੇ) ਮਾਰਦੇ
ਇੱਕ ਦੂਜੇ ਲਈ ਹਾਮੀ ਭਰੀਏ
ਨਾ ਲੋਕਾਂ ਕੋਲੋਂ ਡਰੀਏ ਨੀਂ

ਇੱਕ ਗੱਲ ਮੇਰੀ ਮੰਨੀਂ ਜਰੂਰ ਤੂੰ
ਨਾ ਤੋੜੀਂ ਮੇਰੀ ਪੱਗ ਦਾ ਗਰੂਰ ਤੂੰ
ਬੇਬੇ ਦੇ ਚਰਨੀਂ ਸਿਰ ਧਰੀਏ
ਆ ਉਂਗਲ ਬਾਪੂ ਦੀ ਫੜੀਏ ਨੀਂ

ਜੇ ਖੁਸ਼ਬੂ ਤੇਰੀ ਛੋਹ ਜਾਵੇ
ਫਿਰ ਸ਼ਰਨੀਂ ਸ਼ਰਨੀਂ ਹੋ ਜਾਵੇ
ਫਿਰ ਸੇਖੋਂ ਸੇਖੋਂ ਹੋ ਜਾਵੇ
ਹਾਏ ਦੂਰ ਦੂਰੀਆਂ ਕਰੀਏ
ਆ ਹੱਥਾਂ ਵਿੱਚ ਹੱਥ ਫੜੀਏ ਨੀ..

ਆ ਅਰਸ਼ਾਂ ਦੀ ਪਰੀਏ ਨੀਂ
ਆ ਰੱਜ ਕੇ ਗੱਲਾਂ ਕਰੀਏ ਨੀਂ


- ਧਰਮਿੰਦਰ ਸੇਖੋਂ ਬੋੜਾਵਾਲ
+919876261775

Friday, February 19, 2010

ਕਵਿਤਾ

ਮੁਹੱਬਤ ਵਧੇ ਕੁੱਝ ਤਾਂ ਫੁੱਲ ਖਿੜਣ
ਬਦਲ ਦਿਓ ਬਾਗਾਂ 'ਚ ਤਮਾਮ ਜੰਗਲ
ਭੰਵਰੇ ਖੇਡਣ ਫੁੱਲਾਂ ਤੇ
ਚੂਘੀਆਂ ਭਰਨ ਹਿਰਨ..

ਕਰ ਦਿਓ ਰੁਕਸਤ ਜਹਾਨ ਤੋਂ ਚੋਰ ਸਾਰੇ
ਜਾਂ ਫਿਰ ਆਖੋ
ਭਾਈਆਂ ਪੰਡਤਾਂ ਮੋਲਾਣਿਆਂ ਨੂੰ
ਗੁਰਦੁਆਰਿਓਂ ਮੰਦਰੋਂ ਮਸਜਿਦੋਂ
ਬਾਹਰ ਨਿਕਲਣ।

ਮੈਂ-ਮੈਂ ਕਰਦੇ ਬੱਕਰਿਆਂ ਦੇ ਸਿਰ ਲਾਹੋ
ਕੱਟੋ ਵੱਡੋ
ਇਹਨਾਂ ਦੀ ਖੱਲ ਦੇ ਬਣਾਓ ਤੂੰਬੇ
ਚੜਾਓ ਖੁਦਾ ਦੇ ਦਰ
ਇਹ ਤੂੰ-ਤੂੰ ਕਹਿਣ।

ਰਹਿਣ ਦਿਓ ਫਿਜ਼ਾ ਵਿੱਚ
ਚੰਦਨ ਚਮੇਲੀ ਚੰਪਾ ਦੀ ਖੁਸ਼ਬੋ ਤਾਰੀ
ਓਏ ਅਮਰੀਕਨੋ ਤਾਲੀਬਾਨੋ ਅਲਕਾਇਦਿਓ
ਆਪਣੇ ਬੰਦਿਆਂ ਨੂੰ ਆਖੋ
ਹੋਰ ਬਰੂਦ ਨਾ ਬਾਲਣ।
---0----0-----
ਸਤਨਾਜਾ

ਛੱਤ ਤੇ ਸੁੱਟਿਆ
ਸਤਨਾਜਾ
ਚਿੜੀਆਂ ਆਈਆਂ ਚੁਗਣ

ਪਹਿਲਾਂ ਇੱਕ
ਫਿਰ ਦੋ
ਫਿਰ ਕੁੱਝ ਹੋਰ

ਤਮਾਸ਼ਾ ਜਿਹਾ ਬਣ ਗਿਆ
ਲੜਦੀਆਂ ਭਿੜਦੀਆਂ ਖਾਂਦੀਆਂ
ਕਰਦੀਆਂ ਜਦੋ ਜਹਿਦ

ਜਦ ਕਿ
ਸਭ ਲਈ ਸੀ ਕਾਫੀ
ਸਤਨਾਜਾ

ਇੱਕ ਗੇਂਦ
ਆ ਡਿੱਗੀ
ਛੱਤ ਤੇ ਕਿਧਰੋਂ

ਸਭ ਉੱਡ ਗਈਆਂ

ਸਤਨਾਜਾ ਪਿਆ ਰਿਹਾ

----0-----0----

Wednesday, February 17, 2010

ਰੂਹੋਂ ਸੱਖਣਾ

ਆਓ ਮਿਤਰੋ
ਵਕਤ ਦੀਆਂ ਕਿੱਲੀਆਂ ਤੇ ਟੰਗੀਆਂ
ਜਿਸਮਾਂ ਦੀਆਂ ਪੱਚਰਾਂ ਲਾਹੋ
ਜੋੜੋ
ਬਣਾਓ
ਸਾਬਤ ਦਿੱਸਦੇ
ਬੰਦੇ ਦੀ ਸ਼ਕਲ

ਤੋਰੋ ਉਸਨੂੰ
ਦਫਤਰ
ਖੇਤ
ਜਾਂ ਕਿਸੇ ਕਾਰਖਾਨੇ

ਵਾਪਸ ਪਰਤਿਆ
ਇਹ ਫਿਰ ਹੋਵੇਗਾ
ਰੂਹੋਂ ਸੱਖਣਾ
ਫਿਰ ਕੱਟਿਓ ਵੱਡਿਓ
ਜਿਵੇਂ ਮਰਜ਼ੀ ਵੰਡ ਦਿਓ
ਕੁੱਝ ਕੁ ਬੁੱਢੇ ਮਾਂ-ਪੇ ਦਿਆਂ
ਦੋ ਰੋਟੀਆਂ ਉਡੀਕਦੇ
ਹੱਥਾਂ ਦੇ ਹਿੱਸੇ

ਕੁੱਝ ਕੁ ਅੰਗਰੇਜ਼ੀ ਸਕੂਲ ਪੜ੍ਹਦੇ
ਬੱਚਿਆਂ ਦੀ ਸਕੂਲੋਂ ਆਈ
ਫੀਸ ਸਲਿਪ ਹਿੱਸੇ

ਕੁੱਝ ਤੋਰ ਦਿਓ
ਬਾਜ਼ਾਰ
ਲੂਣ ਮਿਰਚਾਂ
ਤੇ 'ਮੋਟਾ ਸੰਤਰਾਂ' ਲੈਣ

ਇਸ ਤਰਾਂ
ਖਿਲਰੇ ਖਿੰਡੇ ਨੂੰ
ਪਾ ਦਿਓ
ਇਸ ਦੀ
ਉਡੀਕਦੀ ਘਰਵਾਲੀ ਨਾਲ
ਤਾਂ ਜੋ
ਇਹ ਦੋ ਪਲ
ਪਿਆਰ ਕਰਨ ਦੀ ਕੋਸ਼ਿਸ਼ ਕਰ ਸਕੇ!
---0----0----
ਆੜਤੀਏ ਨੂੰ ਲਗਦੈ

ਮੈਨੂੰ ਤੁਸੀਂ ਕੁੱਝ ਵੀ ਸਮਝੋ
ਮਜ਼ਦੂਰ
ਕਿਸਾਨ ਕਾਮਾ
ਜਾਂ ਕੁੱਝ ਹੋਰ
(ਪਰ ਮੈਂ ਕਦੇ ਨਹੀਂ ਹਾਂ
ਕਿਸੇ ਮੁੱਕਤੀ ਮੋਰਚੇ ਦਾ ਪ੍ਰਧਾਨ
ਸੈਕਟਰੀ ਜਾਂ ਖਜਾਨਚੀ)

ਆਹੋ
ਦੁਕਾਨ ਦੀ ਫੱਟੀ ਦੇਖਕੇ ਹੀ
ਮੈ ਸਾਲਾਂ ਬੱਧੀ
ਸੁੱਟਦਾ ਰਿਹਾ
ਸਾਰੀ ਫਸਲ
ਜੁਆਕਾਂ ਜਨੌਰਾਂ
ਤੇ ਸਭ ਭੁੱਖੇ ਭਾਣਿਆਂ ਦੇ ਹਿੱਸੇ ਦੀ.
ਲੱਗਿਆ
ਕੁੱਝ ਤਾਂ ਸਾਂਝ ਹੋਵੇਗੀ
'ਫੱਤੂਪੁਰੇ ਵਾਲੇ ਕਮਿਸ਼ਨ ਏਜੰਟ' ਦੀ
ਆਪਣੇ ਪਿੰਡ ਨਾਲ
ਪਿੰਡ ਦੀ ਗਿਰਵੀ ਮਿੱਟੀ ਨਾਲ
ਉਸੇ ਗਿਰਵੀ ਮਿੱਟੀ 'ਚੋਂ ਉਗੇ
ਢਿੱਡਾਂ ਨਾਲ
ਮੱਥੇ ਤੋਂ ਡੂੰਗੀਆਂ ਉੱਤਰੀਆਂ
ਨਿਮੋਝਾਣੀਆਂ ਅੱਖਾਂ ਨਾਲ
ਜਾਂ ਉਨ੍ਹਾਂ ਅੱਖਾਂ ਦੀਆਂ ਝਿੰਮਣੀਆਂ ਦੀ
ਬੇਵਸ ਫੜਫੜਾਹਟ ਨਾਲ
ਚਲੋ

ਅੱਜ
(ਉਂਝ ਤਾਂ
ਸਦੀਆਂ ਦਾ ਹੈ ਇਹ ਵਰਤਾਰਾ )

ਅੱਜ
ਮੈਂ ਫਿਰ ਫਸਲਾਂ ਦੀ ਸੋਂਹ ਖਾ ਕੇ
ਕਿੰਨੀ ਵਾਰ ਵਾਸਤਾ ਪਾਇਆ
ਬੇਬੇ ਦੀਆਂ ਅੱਖਾਂ ਦੇ ਅਪਰੇਸ਼ਨ ਦਾ
ਛੋਟੇ ਦੇ ਕਾਲਜ ਦੀ ਫੀਸ ਦਾ
ਵੱਡੀ ਦੇ ਸੋਹਰਿਆਂ ਵੱਲੋਂ
...
(ਚਲੋ ਛੱਡੋ)

ਕੰਨ ਤੇ ਜੂੰ ਕਿਹੜਾਂ ਸਰਕੀ
ਮੇਰੇ ਛੋਟੇ ... ਦੇ

ਓਹਦੇ ਜਾਣੇ
ਮੈਂ ਕਦੇ ਨਹੀਂ ਸਮਝਣ ਲੱਗਾ
ਉਹਦੀਆਂ ਫੋਨ ਤੇ ਕੀਤੀਆਂ ਗੱਲਾਂ
“"ਡੇਢ... ਹਾਂ
ਦਰਾਜ... ਚੋਂ
ਮਿੱਤਲ ਦਾ ਮੁਨਸ਼ੀ
ਆਹੋ..
...
ਓ.ਕੇ”."

“ਹਾਂ.. ਬੰਤ ਸਿਆਂ
ਹੁਣ ਦੱਸ
ਕੀ ਕਹਿੰਦਾ ਸੀ?”

ਮੇਰਾ
ਉਹੀ ਦੁਹਰਾਅ
ਫਸਲਾਂ...
ਬੇਬੇ... ਅੱਖਾਂ...
ਛੋਟਾ...ਕਾਲਜ...ਫੀਸ
...
ਵੱਡੀ ਦੇ ਸੌਹਰੇ
ਅਗਲੀ ਫਸਲ ਤੇ ਤਾਰਦੂੰ

"“ਚਾਹ ਪਾਣੀ ਦੱਸ ਬੰਤਿਆਂ
ਪੈਸੇ ਨਾ ਮੰਗੀ
ਪਹਿਲਾਂ ਬਥੇਰੇ ਹੋਏ ਪਏ ਨੇ
ਹਰ ਵਾਰ ਕਹਿੰਨੈ
ਅਗਲੀ ਫਸਲ...
ਉਹੀ ਗੱਲਾਂ
ਕੋਈ ਕੰਮ ਦੀ ਗੱਲ ਕਰ!”

ਆੜਤੀਏ ਨੂੰ ਲਗਦੈ
ਮੈਂ ਝੂਠ ਬੋਲਦਾਂ

-------0-----0----
ਰੁੱਖ ਦੀ ਮੌਤ

ਰੁੱਖ ਨੂੰ
ਨਹੀਂ ਪਤਾ ਹੁੰਦਾ
ਕਿ ਉਹ
ਕਿਸ ਜੂਨੀ ਪੈਣੈ

ਰੁੱਖ ਫਿਰ ਵੀ
ਜਾਣਦੈ
ਪਾਣੀ ਦੀ ਕਟੌਰੀ
ਤੇ ਕੁਹਾੜੀ ਚੁੱਕਣ ਵਾਲੇ
ਬੰਦੇ ਦੇ ਦਿਲ ਦੀ ਧੜਕਣ

ਕਦੇ ਕਿਸੇ ਬੰਦੂਕ ਦਾ ਹੱਥਾ
ਬੂਹੇ ਦੀ ਚੁਗਾਠ
ਕਿਸੇ ਦਫਤਰ ਦੀ ਕੁਰਸੀ
ਜਾਂ ਕਿਸੇ ਕਿਤਾਬ ਦਾ ਵਰਕਾ

ਉਹ ਨਹੀਂ ਜਾਣਦਾ
ਕਿ
ਕਿਸ ਜੂਨੀ ਪੈਣੈ

ਉਹ ਤੇ
ਕੱਟਣ ਤੋਂ ਪਹਿਲਾਂ ਹੀ ਮਰ ਜਾਂਦੈ
ਜਦ ਸੋਚਦੈ
ਆਪਣੀ ਬੁੱਕਲ 'ਚ ਪਲ੍ਹਦੈ

ਦੋ ਬੋਟਾਂ ਬਾਰੇ
ਉਨ੍ਹਾਂ ਦੇ ਆਲਣੇ ਬਾਰੇ
ਦੂਰ ਚੋਗਾ ਚੁਗਣ ਗਏ
ਉਹਨਾਂ ਦੇ ਮਾਂ ਪੇ ਬਾਰੇ

ਉਹ ਤੇ ਪਹਿਲਾਂ ਹੀ ਮਰ ਜਾਂਦੈ
ਜਦ ਸੋਚਦੈ
ਉਸਦੀ ਸੱਜੀ ਬਾਂਹ ਤੇ ਪਾਈ
ਗੁਆਂਢੀ ਬੱਚਿਆਂ ਦੀ ਪੀਂਘ ਬਾਰੇ
ਜੋ ਸਕੂਲੋਂ ਪਰਤਣਗੇ
ਉਹ ਨਹੀਂ ਹੋਵੇਗਾ

ਉਹ ਤੇ ਪਹਿਲਾਂ ਹੀ ਮਰ ਜਾਂਦੈ
ਪਿੰਡ ਦੇ ਦੂਜੇ ਪਾਸਿਓਂ ਆਉਂਦੀ
ਬੁੱਢੀ ਬੇਬੇ ਬਾਰੇ ਸੋਚਕੇ
ਜੋ ਦਿਨ ਦਿਹਾੜੇ
ਜੜੀਂ ਪਾਣੀ ਦਿੰਦੀ
ਚਾਰ ਦਾਣੇ ਧਰਦੀ
ਪਲੋਸਦੀ
ਖਬਰੇ ਅਸੀਸ ਦਿੰਦੀ ਕਿ ਲੈਂਦੀ

ਪਾਣੀ ਨੂੰ ਦੇਖ
ਕਿੰਨੇ ਵਾਰ ਧੜਕਦੈ
ਰੁੱਖ ਦਾ ਦਿਲ
ਤੇ
ਕੁਹਾੜੀ ਨੂੰ ਦੇਖ
ਕਿੰਨੇ ਵਾਰ
ਮਰਦੈ ਰੁੱਖ।


---0----0----

Friday, January 15, 2010

ਸੂਰਜ



ਆਓ ਦੋਸਤੋ

ਸੂਰਜ ਨੂੰ

ਖਿੱਚ ਕੇ

ਜਰਾ ਕੁ ਨੇੜੇ ਕਰੀਏ



ਤਾਂ ਜੋ

ਦੂਰ ਹੋਵੇ

ਇਹ ਦਿਨੋ ਦਿਨ

ਵਧਦੀ

ਧੁੰਦ



ਕਿ

ਸਾਨੂੰ

ਦਿਖਾਈ ਹੀ ਨਹੀਂ ਦੇ ਰਿਹਾ

ਕੁੱਝ ਹੋਰ

ਆਪਣੇ ਤੋਂ ਬਿਨ੍ਹਾਂ!



----0----0-----
ਬਿਰਖ



ਇੱਕ ਬਿਰਖ ਹੈ

ਮੇਰੇ ਅੰਦਰ ਕਿਤੇ

ਜਿਸ ਤੇ ਲਗਦੇ

ਸ਼ਬਦਾਂ ਦੇ ਫੁੱਲ

ਸੋਚਾਂ

ਅਰਥਾਂ

ਦੇ ਸੁਆਦ ਸਮੇਤ



ਇਹ ਫਲ-ਦਾ ਹੈ

ਫੁੱਲ ਦਾ ਹੈ

ਹਰੀਆਂ ਕਚੂਰ ਕੁਰੁੰਬਲਾਂ ਵਿਚਕਾਰ

ਫੁੱਲ ਵੀ ਲਗਦੇ

ਫਲ ਵੀ ਲਗਦੇ

ਰੁੱਤ ਆਏ



ਤੇਰੀ ਯਾਦ

ਸਿੰਜਦੀ ਇਸ ਨੂੰ

ਪਲ ਪਲ

ਤੁਪਕਾ ਤੁਪਕਾ

ਇਹ ਹਰਫ਼ ਹਰਫ਼ ਫੈਲਦਾ



ਰੁੱਤ ਆਏ

ਸ਼ਬਦਾਂ ਦੇ

ਕੁੱਝ ਕੁ ਫਲ-ਫੁੱਲ ਤੋੜ ਲੈਦਾਂ ਹਾਂ

ਤੇਰੀ ਮਹਿਮਾਂ ਦਾ

ਫਿਰ ਕੋਈ ਗੀਤ ਜੋੜ ਲੈਦਾਂ ਹਾਂ


-----0------0-------