Friday, February 19, 2010

ਕਵਿਤਾ

ਮੁਹੱਬਤ ਵਧੇ ਕੁੱਝ ਤਾਂ ਫੁੱਲ ਖਿੜਣ
ਬਦਲ ਦਿਓ ਬਾਗਾਂ 'ਚ ਤਮਾਮ ਜੰਗਲ
ਭੰਵਰੇ ਖੇਡਣ ਫੁੱਲਾਂ ਤੇ
ਚੂਘੀਆਂ ਭਰਨ ਹਿਰਨ..

ਕਰ ਦਿਓ ਰੁਕਸਤ ਜਹਾਨ ਤੋਂ ਚੋਰ ਸਾਰੇ
ਜਾਂ ਫਿਰ ਆਖੋ
ਭਾਈਆਂ ਪੰਡਤਾਂ ਮੋਲਾਣਿਆਂ ਨੂੰ
ਗੁਰਦੁਆਰਿਓਂ ਮੰਦਰੋਂ ਮਸਜਿਦੋਂ
ਬਾਹਰ ਨਿਕਲਣ।

ਮੈਂ-ਮੈਂ ਕਰਦੇ ਬੱਕਰਿਆਂ ਦੇ ਸਿਰ ਲਾਹੋ
ਕੱਟੋ ਵੱਡੋ
ਇਹਨਾਂ ਦੀ ਖੱਲ ਦੇ ਬਣਾਓ ਤੂੰਬੇ
ਚੜਾਓ ਖੁਦਾ ਦੇ ਦਰ
ਇਹ ਤੂੰ-ਤੂੰ ਕਹਿਣ।

ਰਹਿਣ ਦਿਓ ਫਿਜ਼ਾ ਵਿੱਚ
ਚੰਦਨ ਚਮੇਲੀ ਚੰਪਾ ਦੀ ਖੁਸ਼ਬੋ ਤਾਰੀ
ਓਏ ਅਮਰੀਕਨੋ ਤਾਲੀਬਾਨੋ ਅਲਕਾਇਦਿਓ
ਆਪਣੇ ਬੰਦਿਆਂ ਨੂੰ ਆਖੋ
ਹੋਰ ਬਰੂਦ ਨਾ ਬਾਲਣ।
---0----0-----
ਸਤਨਾਜਾ

ਛੱਤ ਤੇ ਸੁੱਟਿਆ
ਸਤਨਾਜਾ
ਚਿੜੀਆਂ ਆਈਆਂ ਚੁਗਣ

ਪਹਿਲਾਂ ਇੱਕ
ਫਿਰ ਦੋ
ਫਿਰ ਕੁੱਝ ਹੋਰ

ਤਮਾਸ਼ਾ ਜਿਹਾ ਬਣ ਗਿਆ
ਲੜਦੀਆਂ ਭਿੜਦੀਆਂ ਖਾਂਦੀਆਂ
ਕਰਦੀਆਂ ਜਦੋ ਜਹਿਦ

ਜਦ ਕਿ
ਸਭ ਲਈ ਸੀ ਕਾਫੀ
ਸਤਨਾਜਾ

ਇੱਕ ਗੇਂਦ
ਆ ਡਿੱਗੀ
ਛੱਤ ਤੇ ਕਿਧਰੋਂ

ਸਭ ਉੱਡ ਗਈਆਂ

ਸਤਨਾਜਾ ਪਿਆ ਰਿਹਾ

----0-----0----

Wednesday, February 17, 2010

ਰੂਹੋਂ ਸੱਖਣਾ

ਆਓ ਮਿਤਰੋ
ਵਕਤ ਦੀਆਂ ਕਿੱਲੀਆਂ ਤੇ ਟੰਗੀਆਂ
ਜਿਸਮਾਂ ਦੀਆਂ ਪੱਚਰਾਂ ਲਾਹੋ
ਜੋੜੋ
ਬਣਾਓ
ਸਾਬਤ ਦਿੱਸਦੇ
ਬੰਦੇ ਦੀ ਸ਼ਕਲ

ਤੋਰੋ ਉਸਨੂੰ
ਦਫਤਰ
ਖੇਤ
ਜਾਂ ਕਿਸੇ ਕਾਰਖਾਨੇ

ਵਾਪਸ ਪਰਤਿਆ
ਇਹ ਫਿਰ ਹੋਵੇਗਾ
ਰੂਹੋਂ ਸੱਖਣਾ
ਫਿਰ ਕੱਟਿਓ ਵੱਡਿਓ
ਜਿਵੇਂ ਮਰਜ਼ੀ ਵੰਡ ਦਿਓ
ਕੁੱਝ ਕੁ ਬੁੱਢੇ ਮਾਂ-ਪੇ ਦਿਆਂ
ਦੋ ਰੋਟੀਆਂ ਉਡੀਕਦੇ
ਹੱਥਾਂ ਦੇ ਹਿੱਸੇ

ਕੁੱਝ ਕੁ ਅੰਗਰੇਜ਼ੀ ਸਕੂਲ ਪੜ੍ਹਦੇ
ਬੱਚਿਆਂ ਦੀ ਸਕੂਲੋਂ ਆਈ
ਫੀਸ ਸਲਿਪ ਹਿੱਸੇ

ਕੁੱਝ ਤੋਰ ਦਿਓ
ਬਾਜ਼ਾਰ
ਲੂਣ ਮਿਰਚਾਂ
ਤੇ 'ਮੋਟਾ ਸੰਤਰਾਂ' ਲੈਣ

ਇਸ ਤਰਾਂ
ਖਿਲਰੇ ਖਿੰਡੇ ਨੂੰ
ਪਾ ਦਿਓ
ਇਸ ਦੀ
ਉਡੀਕਦੀ ਘਰਵਾਲੀ ਨਾਲ
ਤਾਂ ਜੋ
ਇਹ ਦੋ ਪਲ
ਪਿਆਰ ਕਰਨ ਦੀ ਕੋਸ਼ਿਸ਼ ਕਰ ਸਕੇ!
---0----0----
ਆੜਤੀਏ ਨੂੰ ਲਗਦੈ

ਮੈਨੂੰ ਤੁਸੀਂ ਕੁੱਝ ਵੀ ਸਮਝੋ
ਮਜ਼ਦੂਰ
ਕਿਸਾਨ ਕਾਮਾ
ਜਾਂ ਕੁੱਝ ਹੋਰ
(ਪਰ ਮੈਂ ਕਦੇ ਨਹੀਂ ਹਾਂ
ਕਿਸੇ ਮੁੱਕਤੀ ਮੋਰਚੇ ਦਾ ਪ੍ਰਧਾਨ
ਸੈਕਟਰੀ ਜਾਂ ਖਜਾਨਚੀ)

ਆਹੋ
ਦੁਕਾਨ ਦੀ ਫੱਟੀ ਦੇਖਕੇ ਹੀ
ਮੈ ਸਾਲਾਂ ਬੱਧੀ
ਸੁੱਟਦਾ ਰਿਹਾ
ਸਾਰੀ ਫਸਲ
ਜੁਆਕਾਂ ਜਨੌਰਾਂ
ਤੇ ਸਭ ਭੁੱਖੇ ਭਾਣਿਆਂ ਦੇ ਹਿੱਸੇ ਦੀ.
ਲੱਗਿਆ
ਕੁੱਝ ਤਾਂ ਸਾਂਝ ਹੋਵੇਗੀ
'ਫੱਤੂਪੁਰੇ ਵਾਲੇ ਕਮਿਸ਼ਨ ਏਜੰਟ' ਦੀ
ਆਪਣੇ ਪਿੰਡ ਨਾਲ
ਪਿੰਡ ਦੀ ਗਿਰਵੀ ਮਿੱਟੀ ਨਾਲ
ਉਸੇ ਗਿਰਵੀ ਮਿੱਟੀ 'ਚੋਂ ਉਗੇ
ਢਿੱਡਾਂ ਨਾਲ
ਮੱਥੇ ਤੋਂ ਡੂੰਗੀਆਂ ਉੱਤਰੀਆਂ
ਨਿਮੋਝਾਣੀਆਂ ਅੱਖਾਂ ਨਾਲ
ਜਾਂ ਉਨ੍ਹਾਂ ਅੱਖਾਂ ਦੀਆਂ ਝਿੰਮਣੀਆਂ ਦੀ
ਬੇਵਸ ਫੜਫੜਾਹਟ ਨਾਲ
ਚਲੋ

ਅੱਜ
(ਉਂਝ ਤਾਂ
ਸਦੀਆਂ ਦਾ ਹੈ ਇਹ ਵਰਤਾਰਾ )

ਅੱਜ
ਮੈਂ ਫਿਰ ਫਸਲਾਂ ਦੀ ਸੋਂਹ ਖਾ ਕੇ
ਕਿੰਨੀ ਵਾਰ ਵਾਸਤਾ ਪਾਇਆ
ਬੇਬੇ ਦੀਆਂ ਅੱਖਾਂ ਦੇ ਅਪਰੇਸ਼ਨ ਦਾ
ਛੋਟੇ ਦੇ ਕਾਲਜ ਦੀ ਫੀਸ ਦਾ
ਵੱਡੀ ਦੇ ਸੋਹਰਿਆਂ ਵੱਲੋਂ
...
(ਚਲੋ ਛੱਡੋ)

ਕੰਨ ਤੇ ਜੂੰ ਕਿਹੜਾਂ ਸਰਕੀ
ਮੇਰੇ ਛੋਟੇ ... ਦੇ

ਓਹਦੇ ਜਾਣੇ
ਮੈਂ ਕਦੇ ਨਹੀਂ ਸਮਝਣ ਲੱਗਾ
ਉਹਦੀਆਂ ਫੋਨ ਤੇ ਕੀਤੀਆਂ ਗੱਲਾਂ
“"ਡੇਢ... ਹਾਂ
ਦਰਾਜ... ਚੋਂ
ਮਿੱਤਲ ਦਾ ਮੁਨਸ਼ੀ
ਆਹੋ..
...
ਓ.ਕੇ”."

“ਹਾਂ.. ਬੰਤ ਸਿਆਂ
ਹੁਣ ਦੱਸ
ਕੀ ਕਹਿੰਦਾ ਸੀ?”

ਮੇਰਾ
ਉਹੀ ਦੁਹਰਾਅ
ਫਸਲਾਂ...
ਬੇਬੇ... ਅੱਖਾਂ...
ਛੋਟਾ...ਕਾਲਜ...ਫੀਸ
...
ਵੱਡੀ ਦੇ ਸੌਹਰੇ
ਅਗਲੀ ਫਸਲ ਤੇ ਤਾਰਦੂੰ

"“ਚਾਹ ਪਾਣੀ ਦੱਸ ਬੰਤਿਆਂ
ਪੈਸੇ ਨਾ ਮੰਗੀ
ਪਹਿਲਾਂ ਬਥੇਰੇ ਹੋਏ ਪਏ ਨੇ
ਹਰ ਵਾਰ ਕਹਿੰਨੈ
ਅਗਲੀ ਫਸਲ...
ਉਹੀ ਗੱਲਾਂ
ਕੋਈ ਕੰਮ ਦੀ ਗੱਲ ਕਰ!”

ਆੜਤੀਏ ਨੂੰ ਲਗਦੈ
ਮੈਂ ਝੂਠ ਬੋਲਦਾਂ

-------0-----0----
ਰੁੱਖ ਦੀ ਮੌਤ

ਰੁੱਖ ਨੂੰ
ਨਹੀਂ ਪਤਾ ਹੁੰਦਾ
ਕਿ ਉਹ
ਕਿਸ ਜੂਨੀ ਪੈਣੈ

ਰੁੱਖ ਫਿਰ ਵੀ
ਜਾਣਦੈ
ਪਾਣੀ ਦੀ ਕਟੌਰੀ
ਤੇ ਕੁਹਾੜੀ ਚੁੱਕਣ ਵਾਲੇ
ਬੰਦੇ ਦੇ ਦਿਲ ਦੀ ਧੜਕਣ

ਕਦੇ ਕਿਸੇ ਬੰਦੂਕ ਦਾ ਹੱਥਾ
ਬੂਹੇ ਦੀ ਚੁਗਾਠ
ਕਿਸੇ ਦਫਤਰ ਦੀ ਕੁਰਸੀ
ਜਾਂ ਕਿਸੇ ਕਿਤਾਬ ਦਾ ਵਰਕਾ

ਉਹ ਨਹੀਂ ਜਾਣਦਾ
ਕਿ
ਕਿਸ ਜੂਨੀ ਪੈਣੈ

ਉਹ ਤੇ
ਕੱਟਣ ਤੋਂ ਪਹਿਲਾਂ ਹੀ ਮਰ ਜਾਂਦੈ
ਜਦ ਸੋਚਦੈ
ਆਪਣੀ ਬੁੱਕਲ 'ਚ ਪਲ੍ਹਦੈ

ਦੋ ਬੋਟਾਂ ਬਾਰੇ
ਉਨ੍ਹਾਂ ਦੇ ਆਲਣੇ ਬਾਰੇ
ਦੂਰ ਚੋਗਾ ਚੁਗਣ ਗਏ
ਉਹਨਾਂ ਦੇ ਮਾਂ ਪੇ ਬਾਰੇ

ਉਹ ਤੇ ਪਹਿਲਾਂ ਹੀ ਮਰ ਜਾਂਦੈ
ਜਦ ਸੋਚਦੈ
ਉਸਦੀ ਸੱਜੀ ਬਾਂਹ ਤੇ ਪਾਈ
ਗੁਆਂਢੀ ਬੱਚਿਆਂ ਦੀ ਪੀਂਘ ਬਾਰੇ
ਜੋ ਸਕੂਲੋਂ ਪਰਤਣਗੇ
ਉਹ ਨਹੀਂ ਹੋਵੇਗਾ

ਉਹ ਤੇ ਪਹਿਲਾਂ ਹੀ ਮਰ ਜਾਂਦੈ
ਪਿੰਡ ਦੇ ਦੂਜੇ ਪਾਸਿਓਂ ਆਉਂਦੀ
ਬੁੱਢੀ ਬੇਬੇ ਬਾਰੇ ਸੋਚਕੇ
ਜੋ ਦਿਨ ਦਿਹਾੜੇ
ਜੜੀਂ ਪਾਣੀ ਦਿੰਦੀ
ਚਾਰ ਦਾਣੇ ਧਰਦੀ
ਪਲੋਸਦੀ
ਖਬਰੇ ਅਸੀਸ ਦਿੰਦੀ ਕਿ ਲੈਂਦੀ

ਪਾਣੀ ਨੂੰ ਦੇਖ
ਕਿੰਨੇ ਵਾਰ ਧੜਕਦੈ
ਰੁੱਖ ਦਾ ਦਿਲ
ਤੇ
ਕੁਹਾੜੀ ਨੂੰ ਦੇਖ
ਕਿੰਨੇ ਵਾਰ
ਮਰਦੈ ਰੁੱਖ।


---0----0----