Thursday, October 29, 2009

>ਸਲੀਬ ਤੇ ਲਿਖੀ ਕਵਿਤਾ<

ਅਸੀ ਤੈਅ ਕਰਦੇ ਹਾਂ
ਅਪਣੀ ਹਸਤੀ
ਭਾਂਵੇਂ ਵਰਤਣ ਦੀ ਸ਼ੈਅ ਬਣੀਏ
ਭਾਵੇਂ ਛੂਹ ਲਈਏ ਚੇਤਨਾਂ ਦੀਆਂ ਅੰਤਮ ਕੰਨੀਆਂ

ਤੂੰ ਕੀ ਬਣੀ
ਮੈ ਜੋ ਖੁਦ ਨੂੰ ਕਵੀ ਕਹਿੰਦਾ ਹਾਂ,
ਤੈਨੂੰ ਕਵਿਤਾ ਨਾ ਬਣਾ ਸਕਿਆ
ਤੂੰ ਵਰਕੇ ਬਣੀ
ਮੈਂ ਤੈਨੂੰ ਕਾਲਾ ਕੀਤਾ ਬਸ।
ਤੇਰੀ ਚੇਤਨਾ ਨੇ ਵਿਰੋਧ ਨੀਂ ਕੀਤਾ?
.
ਮੈਂ ਤਾਂ ਹੁਣ ਵੀ ਹਰਫ ਹਰਫ ਹੋ ਜਾਂਦਾ ਹਾਂ
ਚਿੰਨ੍ਹਾਂ ਤੋਂ ਅਗਾਂਹ ਚੀਕਾਂ ਚਾਂਗਾਂ
ਜਦ ਯਾਦ ਕਰਦਾਂ
ਤੈਨੂੰ ਕਵਿਤਾ ਵਾਂਗ ਲਿਖਣ ਦੀ ਗੱਲ
ਟੁੱਟ ਜਾਂਦੈ ਮੇਰਾ ਮਨਸੂਈ ਵਜੂਦ
'ਤੇ ਤੂੰ
ਲੀਕਾਂ ਲਗਰਾਂ
ਸ਼ਬਦ ਫੁੱਲ
ਛਲੇਡਾ ਜਿਹਾ ਬਣ ਜਾਂਦੀ ਹੈਂ

ਆ ਤੇਰੀਆਂ ਅੱਖਾਂ 'ਚ ਬਾਲਾਂ ਆਪਣੇ-ਪਣ ਦੀ ਜੋਤੀ
ਤੂੰ ਮੁਨਸਿਫ ਬਣੇਂ ਮੈਂ ਦੋਸ਼ੀ
'ਤੇ ਮੇਰੀ ਹੀ ਚੇਤਨਾਂ ਦੀ ਸੂਲੀ ਟੰਗ ਮੈਨੂੰ,ਤੂੰ
ਸਲੀਬ ਤੇ ਲਿਖੀ ਕਵਿਤਾ ਬਣਾ ਦੇਵੇਂ.
ਤੇ ਮੈਂ ਓੜ ਕਾਲੇ ਕੱਪੜ
ਸੱਚ ਦੇ ਮੱਥੇ 'ਤੇ ਕਾਲੇ ਦਾਗਾਂ ਵਾਂਗ ਉੱਗ ਆਵਾਂ..

ਲੋਕੀਂ ਚੌਂਕ 'ਚ ਖੜੋ..
ਕਵਿਤਾ ਵਾਂਗ ਪੜਣ।

No comments:

Post a Comment