Tuesday, December 15, 2009

ਪ੍ਰਦੂਸ਼ਣ

ਬਿਰਖਾਂ
ਪੱਤਿਆਂ
ਹਵਾਵਾਂ
ਬਾਰੇ ਲਿਖਕੇ ਮੈਂ
ਅਜੀਬ ਜਿਹੀ ਕਵਿਤਾ
ਔਖੇ ਔਖੇ ਸ਼ਬਦਾਂ ਦਾ ਜੰਜਾਲ ਪਾ
ਕਹਿੰਦਾਂ ਹਾਂ ਉਸਨੂੰ
ਅੜੀਏ ਦੇਖ
ਮੇਰੀ ਨਵੀਂ ਕਵਿਤਾ

ਉਹ ਪੜਦੀ
ਮੁਸਕਰਾਉਂਦੀ
ਬਹੁਤ ਵਧੀਆ ਕਹਿ
ਔਖੇ ਔਖੈ ਸਾਹ ਲੈਂਦੀ

ਕਹਿੰਦੀ
ਪ੍ਰਦੂਸ਼ਣ ਬਹੁਤ ਹੋ ਗਿਐ
ਚੱਲ
ਪਾਰਕ ਵਿੱਚ ਚੱਲੀਏ!

---0----0----
ਉਲਾਮ੍ਹਾਂ

ਸੁੱਤੀ ਪਈ ਧਰਤੀ ਤੇ
ਚੰਨ
ਚਾਨਣੀ ਦੀ
ਰੇਸ਼ਮੀ ਚਾਦਰ ਤਾਣ ਦਿੰਦੈ
ਤੇ ਕੋਲ ਖੜ੍ਹਾ ਦੇਖਦਾ ਰਹਿੰਦੈ
ਕਿਤੇ ਉਸਦੀ
ਛੋਹ ਨਾਲ
ਧਰਤੀ ਜਾਗ ਨਾ ਪਏ
ਤੇ ਚੁੱਪ ਚਾਪ ਚਲਿਆ ਜਾਂਦੈ

ਹਰ ਸਵੇਰ
ਧਰਤੀ ਦਾ ਚੰਨ ਨੂੰ
ਉਲਾਮਾਂ ਹੂੰਦੈ
ਕਿ
ਉਹ ਉਸਨੂੰ
ਮਿਲਣ ਨਹੀਂ ਆਉਦਾ
-----0----0---
ਸਰਾਪ

ਪਿਓ ਪਰਬਤ ਦੀ
ਵੱਖਿਓਂ
ਉੱਤਰੀ
ਨਿਰਮਲ ਨਦੀ

ਥਲਾਂ 'ਚ
ਜਵਾਨ ਹੋਈ
ਫਲੀ ਫੁੱਲੀ

ਨਾ ਘੋਲੋ
ਇਸ ਵਿੱਚ
ਨਾ-ਪਾਕ ਇਰਾਦਿਆਂ
ਦਾ ਗੰਧਲਾਪਣ
ਅਪਵਿੱਤਰ
ਜ਼ਹਿਰ

ਨਹੀਂ ਤੇ
ਇਸਦੀ ਲਾਸ਼ ਜਾਵੇਗੀ
ਸਾਗਰ ਤੱਕ
ਫਿਰ
ਸਾਗਰ ਦਾ
ਸਰਾਪ
ਤੁਹਾਥੋਂ
ਝੱਲ ਨਹੀਂ ਹੋਣਾ

ਨਿਰਜਲ ਹੋਣ ਦਾ!

----0----0----
ਜੁਗਤ

ਹਜਾਰਾਂ ਸ਼ਬਦ
ਮੇਰੇ ਸਿਰ ਦੁਆਲੇ
ਭਿਣ ਭਿਣ ਕਰਦੇ ਰਹਿੰਦੇ
ਮੱਖੀਆਂ ਵਾਂਗ
ਅੱਥਰੇ ਬੇ-ਲਗਾਵੇਂ
ਤੰਗ ਜਿਹਾ ਕਰਦੇ।

ਬੇਬੇ ਮੇਰੀ
ਛੋਟੇ ਅੱਥਰੇ
ਟਪੂਸੀਆਂ ਮਾਰਦੇ ਕੱਟਰੂ ਨੂੰ
ਖਿੱਚ ਕੇ ਲੈ ਜਾਂਦੀ
ਰੱਸੀਓਂ ਫੜ
ਕੰਨੋਂ ਧਰੀਕ
ਖੁਰਲੀ ਵੱਲ
“"ਹੁਣ ਟੱਪ”"
ਕਹਿੰਦੀ
ਹੱਸਦੀ ਹੱਥ ਝਾੜਦੀ
ਰਸੋਈ ਵੱਲ ਹੋ ਜਾਦੀ।

ਭਿਣ ਭਿਣ ਕਰਦੇ
ਲਫਜਾਂ ਨੂੰ
ਇਕੱਠੇ ਕਰ
ਕਾਗਜ਼ ਤੇ ਧਰ ਲੈਨਾਂ
ਕਹਿੰਨਾਂ

“"ਹੁਣ ਬੋਲੋ"”

-----0----0---
ਬਾਬੂ ਜੀ

ਰੱਬ ਜੀ
ਤੇਰੇ ਬੰਦਿਆਂ ਦੇ
ਚਿਹਰਿਆਂ ਤੇ
ਤੇਰਾ ਨੂਰ
ਦੇਖਣ ਦੀ
ਕੋਸ਼ਿਸ਼ ਕਰਦਾਂ

ਪਰ ਇਹ ਕੀ
ਰਬ ਜੀਓ

ਇਹ ਸਾਰੇ ਤਾਂ
ਬਾਬੂ ਬਣ ਗਏ ਨੇ
ਹਰ ਵੇਲੇ
ਲਾਉਂਦੇ ਨੇ
ਹਿਸਾਬ

ਤੂੰ ਕੀ ਦਿੱਤਾ
ਕੀ ਖੋਹਿਆ।

----0----0---
ਬੁਰਕੀ


ਦੋਸਤ
ਪੁੱਛਦੇ
ਕਿੱਥੇ ਰਿਹਾ
ਨਾ ਤੂੰ ਦਿਸਿਆ
ਨਾ ਤੇਰੇ ਗੀਤ ਸੁਣੇ

ਆਓ ਦੋਸਤੋ
ਸਾਂਝੀ ਕਰੀਏ
ਇੱਕ ਰਾਜ਼ ਦੀ ਗੱਲ

ਮੇਰੀਆਂ ਹਜਾਰਾਂ ਕਵਿਤਾਵਾਂ
ਅਤੇ
ਮੇਰੇ ਕਿੰਨ੍ਹੈ ਹੀ ਵਰਿਆਂ ਨੂੰ
ਰੋਟੀ ਦੀ ਇੱਕ ਬੁਰਕੀ
ਖਾ ਗਈ
---0---0---

Friday, November 20, 2009

ਮੈਨੂੰ ਮੁਕਤ ਕਰੋ ਸਾਹਿਬਾਂ
ਮੈਨੂੰ ਮੁਕਤ ਕਰੋ

ਜਿੱਥੇ
ਅੰਨ੍ਹੇ ਪਾਗਲ ਵਿਆਕਤੀ ਦੇ ਬੇਬਾਕਪਣ ਤੋਂ
ਚੜਦਾ ਹੈ ਪ੍ਰਚੰਡ ਤਾਪ
ਸੁਜਾਖਿਆ ਦੇ ਸਮਾਜ ਨੂੰ
ਕਿ
ਲੰਘਦੀਆਂ ਹਨ
ਧੀਆਂ ਭੈਣਾਂ
ਇਸੇ ਰਸਤਿਓਂ

ਸਹਿਬਾਂ
ਮੈਨੂੰ ਉਸੇ ਰਸਤਿਓਂ
ਮੁਕਤ ਕਰੋ
ਤਾਂ ਜੋ
ਸੁਣ ਨਾਂ ਸਕਾਂ
ਉਨ੍ਹਾਂ ਦੀ ਗੱਲ
ਜੋ ਉਸ ਨੂੰ ਢਕਣ ਲਈ ਕਰਦੇ ਨੇ
ਨਿਰਲੱਜ ਜਿਹੇ।

---0----0---0---
ਤਿਤਲੀ

ਮੇਰੀ ਕਵਿਤਾ ਨਹੀਂ ਕਰਦੀ
ਸਮਾਜਿਕ ਸਰੋਕਾਰਾਂ ਦੀ ਗੱਲ
ਇਹ ਨਹੀਂ ਲੱਭਦੀ
ਆਰਥਿਕ ਸਮੱਸਿਆਂਵਾਂ
ਵੱਧ ਰਹੇ ਚੋਰ
ਕਾਲੇ ਚਿੱਟੇ ਜਾਂ ਹੋਰ

ਮੇਰੀ ਕਵਿਤਾ ਨੇ ਨਹੀਂ ਦੇਖਿਆ
ਢਾਬੇ ਤੇ
ਰੋਟੀਆਂ ਵੰਡਦਾ ਬਾਲ

ਮੇਰੀ ਕਵਿਤਾ ਤਾਂ
ਅਜੇ ਵੀ ਕਰਦੀ ਹੈ
ਉਸਦੀ ਉਸ ਨਿਗ੍ਹਾ ਦੀ ਗੱਲ
ਜੋ ਉਡਦੀ ਤਿੱਤਲੀ ਮਗਰ
ਉਡਦੀ ਫਿਰਦੀ ਹੈ।

----0----0---

Thursday, November 19, 2009

ਕੁਰਕਸ਼ੇਤਰ

ਮੈਂ ਅੱਜ ਦਾ ਇਨਸਾਨ
ਮੇਰੇ ਅੰਦਰ
ਜਨਮਦੇ ਰਹਿੰਦੇ ਨੇ
ਮਹਾਂਭਾਰਤ ਦੇ ਪਾਤਰ
.
ਨਹੀਂ ਸਮਝ ਸਕਣਗੇ
ਮੇਰੇ ਕਿਰਦਾਰ ਨੂੰ
ਅੱਜ ਦੇ ਭੀਸ਼ਮ ਪਿਤਾਮਾ
.
ਮੈਂ ਹੀ ਦੁਰੋਪਦੀ ਨੂੰ
ਵਰ-ਦਾਂ ਹਾਂ
ਆਪਣੇ ਘਰ-ਬਾਰ ਦੀ ਕਰਦਾਂ ਹਾਂ
ਮੈਂ ਹੀ
ਸਰੇ ਬਜ਼ਾਰ
ਹਜਾਰਾਂ ਦੁਰੋਪਦੀਆਂ ਦਾ
ਚੀਰ ਹਰਣ ਕਰਦਾਂ ਹਾਂ।
.
ਕਦੇ ਮੇਰੇ ਅੰਦਰਲੇ ਕ੍ਰਿਸ਼ਨ ਨੇ
ਬੰਸੀ ਨਹੀਂ ਵਜਾਈ
ਬੇ-ਆਬਰੂ ਹੁੰਦੀ ਦੁਰੋਪਦੀ
ਕਦੇ ਨਹੀਂ ਬਚਾਈ
ਕਿਉਂਕਿ
ਇਸ ਭਰੀ ਸਭਾ ਵਿੱਚ
ਹਰ ਤਮਾਸ਼ਬੀਨ ਮੈਂ ਹੀ ਹਾਂ
.
ਮੇਰੇ ਅੰਦਰ ਵੀ
ਕੋਈ ਦੁਰੋਪਦੀ ਹੈ
ਜੋ ਅੰਦਰੇ ਕਿਸੇ ਖੂੰਜੇ
ਦੁਬਕ ਕੇ ਬੈਠੀ ਹੈ
ਉਹ ਤਾਂ ਕ੍ਰਿਸ਼ਨ ਤੋਂ ਵੀ ਡਰਦੀ
ਸਾਹ ਤੱਕ ਨਾ ਭਰਦੀ
.
ਉਹ ਨਹੀਂ ਹੋ ਸਕਦੀ
ਨਹੀਂ ਬਣ ਸਕਦੀ
ਮੇਰੇ ਅੰਦਰ
ਮਹਾਂ ਭਾਰਤ ਦਾ ਕਾਰਨ
.
ਮੈਂ ਹਾਂ ਅੱਜ ਦਾ ਇਨਸਾਨ
ਮੇਰਾ ਮਸਤਕ ਨਹੀਂ ਬਣਦਾ
ਕੁਰਕਸ਼ੇਤਰ ਦਾ ਮੈਦਾਨ!
.
ਕਿਓਂ..?
-----0------0---

Wednesday, November 18, 2009

ਕਿੰਨੇ ਹੀ ਪਰਬਤ
ਸਮੁੰਦਰ
ਜੰਗਲ
ਅਣਜਾਣ ਨੇ ਤੇਰੀ ਪੈੜ ਤੋਂ
-
ਤੇ
ਤੂੰ ਆਖਣੈ
ਤੂੰ ਹਰ ਥਾਂ ਹੈਂ।

---੦---੦---
ਕੁੱਝ ਯਾਦ ਕਰ ਯਾਰ
ਜਦ ਜੁਦਾ ਹੋਏ ਸੀ
ਤਾਂ ਐਵੈਂ ਨਿੱਕਾ ਜਿਹਾ ਵਾਅਦਾ ਸੀ
'ਫਿਰ ਮਿਲਾਂਗੇ'
-
ਦੇਖ ਓਸ ਮੌੜ ਤੇ
ਉੱਗੇ ਛੋਟੇ ਬੂਟੇ
ਅੱਜ ਬਿਰਖ ਬਣ ਗਏ ਨੇ।
ਪੌਣਾ ਪੱਤਿਆਂ ਨੂੰ
ਸੁਰ ਕਰਦੀਆਂ
ਚਿੜੀਆਂ ਗਾਉਂਦੀਆਂ ਗੀਤ
-
ਇੱਕ ਚੂੜੇ ਵਾਲੀ
ਰਾਹ 'ਚ ਆਈ
ਦੂਰੋਂ ਪੂਰਬ ਦੇ ਕਿਸੇ ਕੰਨਿਓਂ
ਸੂਰਜ ਨੇ ਸਿਰ ਚੁੱਕ ਦੇਖਿਆ
-
ਰਾਹੀ ਉਸਦੀਆਂ ਹੀ
ਗੱਲਾਂ ਕਰਦੇ ਲੰਘੇ
ਦੋਧੀ ਨੇ ਬਿਨ੍ਹਾਂ ਕਿਸੇ ਗੱਲੋਂ
ਸਾਇਕਲ ਦੀ ਘੰਟੀ ਖੜਕਾਈ
ਗੋਰੀ ਥੋੜਾ ਜਿਹਾ ਮੁਸਕਰਾਈ
-
ਮੈਨੂੰ ਤੂੰ ਯਾਦ ਆਈ।

------੦-- ------੦-----
ਤੂੰ ਕਿਹਾ ਸੀ
ਮੈਂ ਆਵਾਂਗੀ
.
ਤੂੰ ਨਹੀਂ ਆਈ
.
ਅੱਜ ਤੇਰੇ ਦੇਸ ਵੱਲੋਂ
ਠੰਡੀ ਹਵਾ ਦਾ ਬੁੱਲਾ ਆਇਐ
ਜਦ ਮੇਰੇ ਨਾਲ ਖਹਿ ਕੇ ਲੰਘਿਆ
ਮੈਂ ਸਮਝ ਗਿਆ
ਤੂੰ ਜਰੂਰ ਕੁੱਝ ਕਿਹਾ ਹੋਵੇਗਾ
ਇਸ ਦੇ ਕੰਨ ਵਿੱਚ

----੦----੦---
ਯਾਤ੍ਰਾ

ਅੱਜ
ਤੂੰ ਮਿਲਣ ਆਈ
ਮੈਂ ਚਾਰੇ ਯੁਗ ਜੀਅ ਲਏ
ਚਾਰੇ ਜਾਤਾਂ ਮੇਰੇ ਹਿੱਸੇ ਆਈਆਂ.
-
ਸਹਿਜ ਸੱਚ ਵਿੱਚ ਡੁੱਬੀ
ਮੇਰੀ ਪਿਆਰ ਅਭਿਲਾਸ਼ਾ
ਮੈਨੂੰ ਸਤਿਯੁਗ ਲੈ ਗਈ.
ਤ੍ਰੇਤਾ ਜੀਵੀਆ ਮੈ,
ਜਦ ਚਾਵਾਂ ਉਮੰਗਾ ਨਾਲ
ਤੈਨੂੰ ਸੀਨੇ ਲਾਇਆ
ਜਦ ਤੂੰ ਮੇਰਾ ਸੱਚ,ਮੈਨੂੰ ਦਖਾਇਆ
ਤਾਂ ਮੈਂ ਦੁਆਪਰ ਦੇ ਕਿਸੇ ਬੰਨ੍ਹੇ ਖੜਾ ਸਾਂ
ਕਿਸੇ ਤਪਸ਼ ਨਾਲ ਆਏ ਪਸੀਨੇ ਨੂੰ ਜਦ
ਮੈਂ ਮੱਥਿਓਂ ਪੂੰਝਿਆ
ਤਦ ਮੈਂ ਕਲਯੁਗ ਜੀਵਿਆ
-
ਤੇਰੀ ਦੇਹ ਦੇ ਵਿਚਾਰ ਨੇ
ਮੈਨੂੰ ਸ਼ੂਦਰ ਕੀਤਾ
ਮਨ ਦੀ ਲਾਲਸਾ ਵੈਸ਼
ਤੇ ਤੈਨੂੰ ਆਪਣੀਆਂ ਬਾਹਵਾਂ 'ਚ ਜਕੜਣਾ
ਸ਼ਾਇਦ ਮੇਰਾ ਖੱਤਰੀ ਪੁਣਾ ਸੀ।
.
ਆਖਰ ਤੇਰੀ ਕਿਸੇ ਗੱਲ ਤੇ ਜਦ
ਮੇਰੇ ਅੱਥਰੂ ਵਹਿ ਤੁਰੇ
ਤਦ ਮੈਂ
ਬ੍ਰਾਹਮਣ ਹੋ ਗਿਆ
----੦----੦------

Thursday, November 12, 2009

ਕਾਲੀ ਸੜਕ ਹੈ
ਦੂਰ ਤੱਕ ਵਿਛੀ


ਧੁੱਪ ਲਿਖਦੀ ਹੈ ਇਸ ਤੇ
ਡੱਬ ਖੜੱਬੇ ਅੱਖਰ
ਬਿਰਖਾਂ ਦੀਆਂ ਟਾਹਣੀਆਂ ਵਿਚੋਂ

ਜਰਾ ਖੜੋ
ਜਰਾ ਪੜ੍ਹ

ਰੱਬ ਨੇ ਇਹ ਕੀ ਇਬਾਰਤ ਲਿਖੀ ਹੈ।

---0----0---
ਮੈਂ ਤਾਂ ਹਰ ਸਲਾਬੇ ਮੌਸਮ 'ਚ
ਪੌਣਾ ਨੂੰ ਕਿਹਾ ਸੀ
ਕਿ ਜਰ੍ਹਾ ਕੁ ਰੁਮਕੋ.
ਕਿ
ਮੇਰਿਆਂ ਖਿਆਲਾਂ 'ਚੋ
ਮੇਰਿਆਂ ਸਵਾਲਾਂ 'ਚੋਂ
ਤੇਰੇ ਨਾਮ ਦੀ
ਸੜਦੀ ਬੋ ਚਲੀ ਜਾਵੇ

ਬੰਦ ਕਰ ਯਾਰ
ਆਰਤੀ ਅਰਦਾਸ ਨਮਾਜ

ਫੁੱਲ ਖਿੜੇ ਨੇ
ਕੋਈ ਗੀਤ ਗਾ।
----0----0---

ਕਵਿਤਾ


ਮੇਰੀ
ਨੰਨੀ ਧੀ
ਸਿੱਖ ਗਈ
ਨੰਬਰ ਡਾਇਲ ਕਰਨਾ
ਮੇਰੇ ਮੋਬਾਇਲ ਦਾ
ਨਾਈਨ ਏਟ ਸੈਵਨ ਸਿਕਸ ਟੂ
ਬੋਲਦੀ ਬੋਲਦੀ
ਦੱਬ ਲੈਂਦੀ ਹੈ ਬਟਨ
ਆਪਣੀ ਮੰਮੀ ਵਾਲੇ ਮੋਬਾਇਲ ਦੇ
ਤੇ
ਕਿੰਨ੍ਹਾਂ ਚਿਰ ਮਾਰਦੀ ਰਹਿੰਦੀ ਹੈ ਜੜਾਂਗੇ
ਮੇਰੇ ਨਾਲ।
-
ਤੁਸੀਂ ਦੇਖਿਆ
ਉਹ ਅਜੇ ਵੀ ਕਰ ਲੈਂਦੀ ਹੈ ਗੱਲਾਂ
ਆਪਣੇ ਖਿਡਾਉਣੇ ਮੋਬਾਇਲ ਤੋਂ
0
ਸ਼ਹਿਰੀ ਛਿੱਕ

ਦਫਤਰੋਂ
ਨਿਕਲਦਿਆਂ
ਠੰਡੀ ਹਵਾ ਦੇ
ਅਚਾਨਕ ਟਕਰਾਏ
ਬੁੱਲ੍ਹੇ ਨਾਲ
ਮੈਂ ਛਿੱਕ ਮਾਰਦਾਂ..
.
ਮੈਂ ਦੂਰ
ਪਿੰਡ ਤੋਂ ਆਇਆ
ਮੱਧ ਵਰਗੀ ਪਰਿਵਾਰ ਦਾ
ਪੇਂਡੂ ਪੁੱਤ ਹਾਂ
.
'ਉਜੱਡ'
ਪਿੱਛੋਂ ਮੈਨੂੰ
ਅਵਾਜ ਸੁਣਦੀ ਹੈ
ਸ਼ਹਿਰੀ ਕੁਲੀਗ ਬੀਬੀਆਂ ਦੀ
ਜੋ ਮੇਰੇ ਕੋਲ
ਅਕਸਰ
ਪਿੰਡਾ ਦੇ ਖੁੱਲੇਪਣ
ਖੁੱਲੇ ਖੇਤਾਂ
ਠੰਡੀਆਂ ਹਵਾਵਾਂ
'ਫਰੈੱਸ਼ ਏਅਰ'ਦੀਆਂ ਗੱਲਾਂ ਕਰਦੀਆਂ ਨੇ
.
ਸਾਲ ਹੋ ਚੱਲਿਐ
ਮੈਂ ਨਹੀਂ ਸਿੱਖ ਸਕਿਆ
'ਐਕਸਕਿਊਜ਼ ਮੀ' ਤੋਂ ਪਹਿਲਾਂ ਮਾਰਨੀ
ਸ਼ਹਿਰੀ ਛਿੱਕ !
----0----0---
ਜਿੰਦਾ ਲਾਸ਼ਾਂ ਦਾ ਦਰਿਆ

ਮੇਰੇ ਘਰ ਦੀ
ਸਾਹਮਣੀ ਸੜਕ ਤੇ
ਇੱਕ ਦਰਿਆ ਵਗਦਾ
ਸਵੇਰੇ ਸ਼ਾਮੀਂ
.
ਇਹ ਹੜ੍ਹ ਕੇ ਲਿਜਾ ਰਿਹੈ
ਜਿਉਦੀਆਂ ਜਾਗਦੀਆਂ ਲਾਸ਼ਾਂ
ਉਨ੍ਹਾਂ ਦੇ ਢਿੱਡਾਂ
ਤੇ
ਉਨ੍ਹਾਂ ਦੇ ਸੁਪਨਿਆਂ ਸਮੇਤ
.
ਹੋਰ ਤੇ ਹੋਰ
ਕੋਈ ਸਾਗਰ ਨਹੀਂ
ਇਸਦੀ ਮੰਜਿਲ
ਇਹ ਤਾਂ ਰੋਜ ਵਗਦੈ
ਰੋਜ ਪਰਤ ਆਉਦੈਂ
ਤੇਜ ਪੈਰੀਂ
ਜਿਵੇਂ ਇਹਦੀਆਂ ਲਹਿਰਾਂ ਨੂੰ
ਸਾਗਰ ਨਸੀਬ ਹੀ ਨਾ ਹੋਵੇ

ਲਮਕਦੇ ਚਿਹਰਿਆਂ ਦੇ
ਇਸ ਦਰਿਆ ਨੂੰ
ਕਦ ਮਿਲੇਗਾ ਸਾਗਰ
ਸਮਾਉਣ ਲਈ

ਮੇਰੇ ਘਰ ਦੀ
ਸਾਹਮਣੀ ਸੜਕ ਤੇ
ਇੱਕ ਦਰਿਆ ਵਗਦਾ ਹੈ

ਇੱਕ ਛੱਲ
ਮੈਨੂੰ ਵੀ ਰੋੜ ਚੱਲੀ ਹੈ
ਦੇਖੀਏ
ਮੈਂ
ਪਰਤਦਾਂ ਕਿ ਨਾਂ.।
----0---0----
ਅਸੀਸ

ਮੇਰੇ ਬੱਚੇ
ਤੇਰੇ ਸਿਰ ਤੇ
ਆਪਣਾ ਹੱਥ ਫੇਰਦਿਆਂ
.
ਮੈਂ ਗੈਰ ਹਾਜਰ ਹੁੰਨਾਂ
.
ਹਾਜਰੀ ਹੂੰਦੀ ਹੈ ਮੇਰੀ
ਤੇਰੇ ਭਵਿੱਖ ਵਿੱਚ
.
ਜਿਥੇ ਮੈਂ
ਦੇਖਦਾਂ
ਤੇਰਾ ਤੇਜ
ਚਿੰਤਨ ਨਾਲ ਚਮਕਦਾ
ਦਗ ਦਗ
ਚਿਹਰਾ
.
ਤੂੰ ਮੇਰੇ ਬੱਚੇ
ਰਾਹ ਤੋਂ
ਉਤਰਿਆ
ਉਤਰਿਆ
ਵੱਖ ਚੱਲ!

----0---0
ਫੈਲਾਅ

ਤਖਤਾਂ ਦੇ
ਨਿਰਮਾਣ ਤੋਂ ਪਹਿਲਾਂ
ਮੈਂ ਕਿਥੇ ਲੱਭਦਾ ਸੀ
ਮਨ ਦਾ ਚੈਨ
ਰੂਹ ਦੀ ਸ਼ਾਂਤੀ

ਸ਼ਾਇਦ
ਉਹ
ਕਿਸੇ ਹੀਰ
ਸੱਸੀ
ਸਾਹਿਬਾਂ ਦੇ
ਜ਼ੁਲਫਾਂ ਦੀ ਛਾਂ ਹੋਵੇਗੀ
.
ਤਖਤ ਬਣੇ
ਤਾਜ ਬਣੇ
ਤਾਜਪੋਸ਼ੀਆਂ ਹਈਆਂ
ਤੇਰਾ ਮੇਰਾ
ਵੰਡ ਹੋਈ
ਬੰਬ ਬਣੇ

ਕੀ ਜ਼ੁਲਫਾ ਹੇਠ
ਲੁਕਣ ਦਾ
ਜਰਾ ਕੁ ਝੁਕਣ ਦਾ
ਅਨੰਦ ਜਿਆਦਾ ਸੀ
ਤਖਤਾਂ ਦੇ
ਨਿਰਮਾਣ ਤੋਂ ਪਹਿਲਾਂ.।

---0----0---

Friday, November 6, 2009

ਪੰਨਿਆਂ ਨੂੰ ਲਈ ਨਵੇਂ ਅਲਫਾਜ਼ ਲੱਭ
ਚੀਕਾਂ ਨੂੰ ਸੁਰ ਕਰਨ ਜੋ ਐਸੇ ਸਾਜ ਲੱਭ

ਵਿਰਾਨ ਅੱਖਾਂ ਵਿੱਚ ਵਸਣ ਆਕੇ
ਅੰਨ੍ਹੇਂ ਨੈਣਾ ਲਈ ਕੋਈ ਰੋਸ਼ਨ ਖਾਬ ਲੱਭ

ਪਰਤੀਏ ਹੁਣ ਘਰਾਂ ਨੂੰ ਗੀਤਾਂ ਦੀ ਕਿਤਾਬ ਲੈ
ਘਰਾਂ 'ਚ ਸਜਿੰਦੇ ਅਬਾਦ ਲੱਭ

ਇਹ ਸੂਰਜ ਦੇ ਤੇਜ ਦਾ ਸਵਾਲ,
ਜਾ ਦੀਵੇ ਦੇ ਕੋਲੋਂ ਇਹਦਾ ਜਵਾਬ ਲੱਭ

ਕੋਰੇ ਪੰਨਿਆਂ ਲਈ ਚੁੱਪ ਦੇ ਅਲਫਾਜ ਲੱਭ
ਆਤੰਕ ਦੇ ਚੇਹਰੇ

ਚੌਂਹ ਕਿਨਾਰੇ ਤੌੜ
ਅੱਜ ਦਹਿਸ਼ਤ...

ਭਾਨੇ ਨੂੰ ਆਉਂਦੀ ਹੈ ਗੂੜੀ ਨੀਂਦ
ਓਹ ਦੂਰ ਹੈ
ਮੁੰਬਈ ਦੇ ਤਾਜ ਤੋਂ
ਘੁੱਪ ਵਸਦੇ ਪਿੰਡ।
ਹਾਂ ਉਸਦੀ ਖੱਬੀ ਵੱਖੀ
ਕਦੇ ਕਦਾਈਂ
ਚੀਸ ਵਜਦੀ ਹੈ
“ਤੇਰੀ ਓਏ ...”
ਗੁਰ-ਮੰਤਰ ਪੜ੍ਹ
ਓਹ ਫੇਰ ਪਾਸਾ ਪਰਤ ਸੌਂ ਜਾਂਦੈ।

ਵੱਡੇ ਸਰਦਾਰ ਦਾ ਵੱਖੀ 'ਚ ਵੱਜਿਆ ਠੁੱਡਾ
ਤਾਜ ਦਾ ਸੜਦਾ ਗੁੰਬਦ
ਬੁਸ਼ ਵੱਲ ਮਾਰਿਆ ਬੂਟ
ਕਿੰਨੇ ਸ਼ਾਨਦਾਰ ਪ੍ਰਤੀਕ ਨੇ ਦਹਿਸ਼ਤ ਦੇ!!!

ਓਏ! ਕਲਮ ਕਿਓਂ ਤੋੜਦੇ ਓਂ।

0
ਪਲ ਭਰ ਵਿਚ ਮੁੱਕ ਜਾਵਣ ਜੋ
ਓਹ ਖੁਸ਼ੀਆਂ ਦੀ ਭਾਲ ਨਾ ਕਰ

ਇਹ ਨਸ਼ਾ ਭਲਾ ਕਾਹਦਾ ਹੈ
'ਨੇਰਿਆਂ ਦੀ ਮਦ ਹੈ, ਸੰਭਾਲ ਨਾ ਕਰ

ਭਿੱਜ ਜਾ, ਮਸਤੀ ਦੀ ਫੁਆਰ ਹੈ
ਵਕਤ ਹੈ, ਨੱਚ ਲੈ, ਟਾਲ ਨਾ ਕਰ

ਹੱਸਦੇ ਰੋਂਦੇ ਨੇ ਕਰਮਾਂ ਵਾਲੇ
ਖਾਰਾ ਹੈ ਪਾਣੀ, ਜਾਣ ਦੇ,ਰੁਮਾਲ ਨਾ ਕਰ।

ਕੌਣ ਹੈਂ ਤੂੰ ਬੋਲਣ ਵਾਲਾ
ਉੱਤਰ ਮਿਲਦੈ,ਐਂਵੇ ਸਵਾਲ ਨਾ ਕਰ

ਓਹ ਤਾਂ ਮਸਤ ਹੈ,ਰੋਏਗਾ ਹੱਸੇਗਾ ਵੀ
ਰੁਕ, ਨਾ ਟੋਕ,ਉਸਦਾ ਬਹੁਤਾ ਖਿਆਲ ਨਾ ਕਰ।

0
LCD ਹੁਣੇ ਲਗਾਈ ਹੈ?ਪੱਥਰਾਂ ਦੀ ਦੁਨੀਆਂ ਹੈ
ਭੁਲੇਖਿਆ ਵਰਗੇ ਲੋਕ


ਅਸਮਾਨ ਦੇੇ ਨੀਲੇ ਸਮੁੰਦਰ 'ਚ
ਰੂੰਈ ਵਰਗੇ ਬੱਦਲ
ਪਾਰਕ ਵਿੱਚ
ਬਜੁਰਗਾਂ ਦੇ ਬੈਂਚ ਦੇ ਪਿੱਛੇ
ਦੋ ਕੁਆਰੇ ਫੁੱਲ ਖਿੜੇ ਹੋਏ ਨੇ

ਚਾਰ ਕਣੀਆਂ ਪਿਛੋਂ
ਮਿੱਟੀ ਦੀ ਸੋਂਧੀ ਸੋਂਧੀ ਮਹਿਕ
ਇਥੇ ਨਹੀਂ ਲਭਦੀ
ਜੁਕਾਮ ਹੋ ਗਿਐ ਸ਼ਾਇਦ
ਜਾਂ ਮਹਿਕ ਦੀ ਪਹਿਚਾਣ ਭੁੱਲ ਗਈ ਏ।

ਨੁਸਰਤ ਹੰਸ ਸਾਬਰ
ਗੁਲਾਮ ਅਲੀ ਜਗਜੀਤ
ਵਡਾਲੀ ਜਾਂ ਬਰਕਤ ਨਹੀਂ
ਇਥੇ ਸਾਨੂੰ ਆਉਂਦੀਆਂ ਜਾਂਦੀਆਂ ਕਾਰਾਂ ਦੀ,
ਡੂੰਅ ਡੂੰਅਅ
ਡੂੰਅ ਡੂੰਅਅ
ਸੁਣਾਈ ਦਿੰਦੀ ਹੈ ਬਸ।

ਨਹੀਂ
ਇੱਥੇ ਅਸੀਂ ਰੂੰਈ ਵਰਗੇ ਬੱਦਲਾਂ,
ਕੁਆਰੇ ਫੁੱਲਾਂ ਮਹਿਕ-ਮੁਹਕ
ਤੇ ਤੇਰੇ ਆਹ ਸੁਰਾਂ ਦੀਆਂ ਗੱਲਾਂ ਨਹੀਂ ਕਰਦੇ
ਹਾਂ ਕੋਠੀ ਉਤੇ ਕੀਤੇ ਬੁੱਚ-ਵਰਕ ਦੀਆਂ ਗੱਲਾਂ ਜਰੂਰ ਕਰਦੇ ਹਾਂ।
ਕੋਠੀ ਸਜਦੀ ਹੈ ਇੰਟੀਰੀਅਰ ਵੀ ਚੰਗੈ,
ਫਰਨੀਚਰ ਦਾ ਤਾਂ ਕਿਆ ਕਹਿਣੈ
ਹਾਂ LCD ਹੁਣੇ ਲਗਾਈ ਹੈ।
0
ਸਿਰਫ ਸਲਾਖਾਂ ਦੀ ਕੈਦ ਹੀ ਕੈਦ ਨਹੀ ਹੁੰਦੀ
.
ਰੂਹ ਕੈਦ ਹੈ
ਜਿਸਮ ਦੇ ਪਿੰਜਰੇ 'ਚ

ਮਨ ਕੈਦ ਹੈ
ਜਜਬਾਤਾਂ ਦੀਅ ਕੁੰਡੀਆਂ ਦੰਦੀਆਂ 'ਚ

ਮੈਂ ਤੂੰ ਕੈਦ ਹਾਂ
ਧਰਮ ਦੇ ਚੌਰਸ ਚੌਖਟੇ 'ਚ
ਮੁਰਦਾ ਤਸਵੀਰ
ਹੋਂਠਾ ਤੇ ਮੁਸਕਰਾਹਟ ਕੈਦ ਹੈ

ਕਲਮ ਤੇ ਜੀਭ ਕੈਦ ਨੇ
ਸਮਾਜ ਦੀ ਹੋਂਦ 'ਚ

ਪਿੰਡੋਂ ਆਇਆ ਬਜੁਰਗ ਬਾਪੂ ਕੈਦ ਹੈ
ਪੁੱਤ ਦੀ ਉੱਚੀ ਕੋਠੀ ਦੀ ਇੱਕ ਵਾਰੀ ਵਿਚ

ਰੰਗੀਨੀਆਂ ਕੈਦ ਨੇ
ਤਲਖੀਆਂ ਦੇ ਪਥਰੀਲੇ ਜੰਗਲ 'ਚ
ਜਿਥੇ ਸੁਹਜ ਤੇ ਸੱਚ
'ਪਰੈਕਟੀਕਲ ਹੋਣ' ਦੀਆਂ ਕੰਧਾ ਨਾਲ ਸਿਰ ਭੰਨਦੇ ਨੇ

ਸਿਰਫ ਸਲਾਖਾਂ ਦੀ ਕੈਦ ਹੀ ਕੈਦ ਹੀ ਕੈਦ ਨਹੀਂ ਹੁੰਦੀ

0

ਸਤਿਨਾਮ ਕਹਿੰਦੇ ਕਹਿੰਦੇ
ਮੂੰਹੋਂ ਨਿੱਕਲ ਜਾਂਦਾ ਹੈ
ਅੱਲਾ
ਕਦੇ
ਰਾਮ
-
ਤਿੰਨੋਂ ਖੁਸ਼ ਨੇ
ਗੁਰੂ ਪੀਰ ਭਗਵਾਨ

ਲੋਕ?
ਇਹਨਾਂ ਦੀ ਨਾ ਪੁੱਛੋ

ਕੁੱਝ ਮਨਮੁੱਖ,
ਕੁੱਝ ਕਾਫਰ,
ਕੁੱਝ ਬੇਈਮਾਨ ਕਹਿੰਦੇ ਨੇ।
0

ਇਹ ਤਾਂ ਸਜਿੰਦੇ ਦੀ ਰੂਹ ਸੀ
ਜੋ
ਰਚ ਰਹੀ ਸੀ
ਸੰਗੀਤ ਦਾ ਰੱਬੀ ਸੰਸਾਰ
-
ਬਾਂਸ ਦੀ ਕੀ ਮਜਾਲ
ਜੋ ਕਹਿ ਸਕੇ ਦਿਲ ਦੀ ਗੱਲ
ਓਸ ਦੀ ਫੂਕ ਹੀ ਬਣਦੀ ਹੈ
ਇਲਾਹੀ ਨਾਦ
ਓਸ ਦੀਆਂ ਉਂਗਲਾਂ ਹੀ ਕਰਦੀਆ ਨੇ
ਸੁਰਾਂ ਨਾਲ ਸਰਗੋਸ਼ੀਆ
-
ਬਾਂਸ ਨੂੰ ਇਕੱਲਾ ਨਾ ਰਹਿਣ ਦਿਓ
ਕਿਤੇ ਲੋਕ ਲੱਕੜੀ ਸਮਝ ਬਾਲ ਨਾ ਦੇਣ
ਜੋੜੀ ਰੱਖੋ ਉਸਦੇ ਹੋਠਾਂ ਨਾਲ
ਤਾਂ ਕਿ
ਬਾਂਸੁਰੀ ਦੀ ਜਾਤ ਬਣੀ ਰਹੇ।
0

Friday, October 30, 2009

ਉਲਾਮ੍ਹਾ

ਵੱਡਿਆ ਕਵੀਆ
ਮੇਰੀ ਟੁੱਟੀ ਚੂੜੀ ਦਾ
ਕੋਈ ਗੀਤ ਲਿਖ
-
ਉਸਨੇ ਤਾਂ ਸਿਰਫ
ਇੱਕ ਪਲ ਲਈ
ਉਤਾਂਹ ਹੀ ਦੇਖਿਆ,
ਟੋਟਾ ਚੁਕਿਆ
ਦੂਰ ਘਾਹ ਵੱਲ ਸਟਿਆ
.
ਹੱਥ ਹਥੌੜਾ
ਥੱਲੇ ਪੱਥਰ
ਉਹ ਵਾਰ ਵਾਰ ਮਾਰਦੀ
ਪੱਥਰ ਨਾ ਟੁੱਟਦਾ
ਚੂੜੀ ਟੁੱਟਦੀ
ਟੋਟਾ ਚੁੱਕ ਉਹ ਵਗਾਹ ਮਾਰਦੀ
ਘਾਹ ਵੱਲ
.
ਮੈਂ ਨਹੀਂ ਸੋਚ ਸਕਿਆ
ਓਹਦੇ ਸ਼ੋਹਰ ਨੇ
ਖਰੀਦੀਆਂ ਰੰਗਦਾਰ ਚੂੜੀਆਂ
ਕਿਸਤਰਾਂ ਪਹਿਨਾਈਆ ਹੋਣਗੀਆਂ
.
ਇੱਕ ਟੋਟਾ ਹੋਰ
ਉਸਨੇ ਸਾਮ੍ਹਣੇ ਦੇਖਿਆ
ਮੈਨੂੰ ਲੱਗਿਆ
ਇਹ ਤਾਂ ਇਸਦੀ ਨਜ਼ਰ ਦਾ
ਮੈਨੂੰ ਉਲਾਮ੍ਹਾ ਹੈ

ਵੱਡਿਆ ਕਵੀਆ
ਇਸ ਟੋਟੇ ਦਾ ਗੀਤ ਲਿਖ
ਜਿਸ ਨਾਲ
ਮੇਰੀ ਇਨ੍ਹਾਂ ਨੂੰ
ਛਣਕਾਣ ਦੀ ਰੀਝ ਟੁੱਟਦੀ ਹੈ
ਚੂੜੀ ਨਹੀਂ...

--0 --0--
ਪਤਝੜ

ਨਾ ਪਤਝੜ
ਇਓਂ ਨਾ ਕਰ
ਬਿਰਖਾਂ ਨੂੰ ਰੁੰਡ-ਮਰੁੰਡ

ਰਹਿਣ ਦੇ
ਕੁੱਝ ਕੁ ਪੱਤੇ
ਸ਼ਖਾਵਾਂ ਤੇ
ਸੁਰਾਂ ਵਾਂਗ ਥਿਰਕਦੇ

ਕਿਤੇ
ਕੱਲ ਨੂੰ
ਹਵਾਂਵਾਂ ਨੂੰ
ਵਜਾਉਣ ਦੇ ਲਈ
ਪਿੰਜਰਾਂ ਦੀ ਲੋੜ ਪਵੇ
----------- 0 --------
ਤੜਪਦਾਂ ਹਾਂ ਹਰ ਰਾਤ ਕਿ ਕੋਈ ਗੀਤ ਬਣੇ
ਬਿਖੜੇ ਰਾਹਵਾਂ 'ਤੇ ਕੋਈ ਰਹਿਬਰ ਕੋਈ ਮੀਤ ਬਣੇ

ਸੁਣਿਆਂ ਤਪਦੀ ਹਵਾ ਤੋਂ ਤੇਰਾ ਸਿਰਨਵਾਂ ਅੱਜ
ਸੁੱਕਾ ਪੱਤਾ ਹਾਂ,ਚੱਲਾਂ ਤੇਰੇ ਵੱਲ ਹਵਾ ਤਾਂ ਸੀਤ ਬਣੇ

ਕਹਿਰ ਦੀ ਰਾਤ,ਤੂਫਾਨ,ਇਹ ਬਰਸਾਤ
ਦੱਸਣ ਆ ਕੇ ਬੰਦਿਸ਼ਾਂ ਕੋਈ ਗਜ਼ਲ ਕੋਈ ਗੀਤ ਬਣੇ

ਮੁਨਸਿਫਾ ਦੀ ਅੰਧੇਰ ਨਗਰੀ,ਅੰਨ੍ਹੇ ਗਵਾਹ ਹਰ ਪਾਸੇ
ਕੌਣ ਪਰਵਾਨਿਆ ਨੂੰ ਸਜਾ ਦੇਹ,ਕੋਈ ਤਾਂ ਦੀਪ ਬਣੇ

ਚੁੱਪ ਤੂੰ ਵੀ ਨਾ ਤੋੜੀ ,ਮੈਂ ਰਿਹਾ ਖਾਮੋਸ਼
ਕਿਸ ਤਰਾਂ ਆਖਰ ਮੁਹੱਬਤ ਦਾ ਗੀਤ ਬਣੇ

ਮੇਰੇ ਦਿਲ ਦੀ ਧੜਕਣ ਤੇਰਿਆਂ ਸਾਹਾਂ ਦੀ ਹਾਮੀ
ਮਿਲ ਬੈਠਣ ਕਦੇ ,ਕੋਈ ਦਿਲਕਸ਼ ਸੰਗੀਤ ਬਣੇ
0
ਤੜਪਦੇ ਅਰਥਾਂ ਨੂੰ ਕੋਈ ਤਾਂ ਗੀਤ ਦੇ
ਰਬਾਬ ਨਹੀਂ ਰਬਾਬੀ ਨਹੀਂ ਕੋਈ ਤਾਂ ਸੰਗੀਤ ਦੇਹ

ਮਹਿਕਦੇ ਦੇਹ,ਖਣਕਦੇ ਪੈਮਾਨੇ ਦੇਹ
ਜਸ਼ਨ ਲਈ,ਜਾਮ ਦੇਹ ,ਜਿੱਤ ਦਹੇ

ਰੁੱਖਾਂ ਨੂੰ ਕਿਣਮਿਣੀ .. ਫੁੱਲਾਂ ਨੂੰ ਭੰਬਰੇ
ਰੂਹ ਨੂੰ ਰਹਿਬਰ ਮਨ ਨੂੰ ਮਨਮੀਤ ਦੇਹ

ਤਨ ਨੂੰ ਕੱਜਣ, ਕੱਜਣ ਨੂੰ ਸੁਨਿਹਰੇ ਰੰਗ ਦੇਹ
ਰੰਗਾਂ ਨੂੰ ਰਾਗ..ਰਾਗ ਨੂੰ ਸਾਹਵਾਂ ਦਾ ਸੰਗੀਤ ਦੇਹ
0
ਕੋਈ ਆਰਜੂ ਮਿਲੇ, ਕੋਈ ਗੀਤ ਮਿਲੇ
ਲਿਖਾਂ ਗਜ਼ਲ,ਬੰਦਿਸ਼ ਬਹਿਰ,ਕੋਈ ਮੀਤ ਮਿਲੇ

ਪੱਤਿਆਂ ਦੀ ਖੜਕਣ,ਝਾਂਜਰਾਂ ਦੀ ਛਣ ਛਣ
ਤਕ-ਦਿਨਾ-ਦਿਨ ਨਾ,ਕੋਈ ਤਾਂ ਸੰਗੀਤ ਮਿਲੇ

ਮਿਲੇ ਤੇਰਿਆਂ ਰਾਹਵਾਂ ਦੀ ਪਹਿਚਾਣ ਸੱਚਮੁੱਚ
ਤੁਰਾਂ ਤੇਰੇ ਵੱਲ ਨੂੰ ਕੋਈ ਤਾਂ ਰਹੁ-ਰੀਤ ਮਿਲੇ

ਰੁਕਾਂ ਨਾ ਰਾਹਵਾਂ ,ਨਾ ਕੰਡਿਆਂ ਤੇ,ਤੂੰ ਹੀ ਦੇ
ਮੈਂ-ਨੂੰ ਭੁੱਲਾਂ,ਤੈਂ-ਨੂੰ ਪਾਵਾਂ ਨਿੱਤ ਇਹ ਨੀਤ ਮਿਲੇ
0
ਅਸੀਂ ਅਨੁਵਾਦਕ ਹਾਂ

ਅਸੀਂ ਅਨੁਵਾਦਕ ਹਾਂ
ਨਿੱਘ ਨੂੰ ਸੇਕ 'ਚ
ਸੇਕ ਨੂੰ ਸਿਵੇ 'ਚ
ਤੇ
ਸੰਗੀਤ ਨੂੰ ਸ਼ੋਰ 'ਚ ਅਨੁਵਾਦ ਕਰਦੇ ਹਾਂ

ਅੱਗੇ ਵਧਣ ਨੂੰ ਦੌੜ 'ਚ
ਗੁੱਸੇ 'ਚ
ਜਾਂ ਚੌੜ 'ਚ
ਪੀੜ੍ਹੀ ਹੇਠ ਸੋਟਾ ਮਾਰਨ ਨੂੰ ਅਸੀਂ
ਸਿਸਟਮ ਨੂੰ ਕੱਢੀ ਭੱਦੀ ਗਾਲ ਚ ਅਨੁਵਾਦ ਕਰਦੇ ਹਾਂ
ਅਸੀਂ ਅਨੁਵਾਦਕ ਹਾਂ

ਆਪਣਿਆਂ ਨੂੰ ਸ਼ਰੀਕਾਂ 'ਚ
ਮਿਲਣੀਆਂ ਨੂੰ ਤਰੀਕਾਂ 'ਚ
ਤੇ ਦੁੱਖ ਸੁਖ ਦੇ ਹਾਮੀ ਦਾ
ਘਰ ਦੇ ਭੇਤੀ ਚ ਤਰਜਮਾਂ ਕਰਦੇ ਹਾਂ
ਅਸੀਂ ਅਨੁਵਾਦਕ ਹਾਂ

ਕੰਧਾਂ ਨੂੰ ਕੰਨ
'ਮਿਠਤ ਨੀਵੀਂ' ਨੂੰ ਦਬੂ ਡਰਪੋਕ
ਸੰਘ ਪਾੜ ਕੀਤੀ ਗੱਲ ਨੂੰ ਸੱਚ ਕਹਿੰਦੇ ਹਾਂ
ਅਸੀਂ ਅਨੁਵਾਦਕ ਹਾਂ

ਪੜ੍ਹਣ ਨੂੰ ਮਗਜ਼ ਖਪਾਈ
ਡੀਜੇ ਨੂੰ ਮਨੋਰੰਜਨ
ਸਹਿਜ ਨੂੰ ਸੁਸਤ
ਲਾਲਚ ਨੂੰ..
ਫਿਉਚਰ ਸਿਕੁਰਿਟੀ ਦੱਸਦੇ ਹਾਂ
ਅਸੀਂ ਅਨੁਵਾਦਕ ਹਾਂ
0
ਸਿਰਫ
ਭੁਲੇਖਿਆਂ ਦੀ ਜਣਨੀਂ
ਤੇਰੀ ਤਸਵੀਰ।

ਇਸ ਚੋਂ ਕਦੇ ਨਹੀਂ ਦਿੱਸਦਾ
ਮੈਨੂੰ ਆਪਣਾ ਆਪ
ਬਸ ਇੱਕ ਚੁੱਪ ਹੈ
ਖਲਾਅ ਚ ਦੂਰ ਤੱਕ ਦੇਖਦੀ

ਇਹ ਕਦੇ ਨਹੀਂ ਕਰਦੀ
ਤੇਰਿਆਂ ਵਾਦਿਆਂ ਤੇ ਦਾਵਿਆਂ ਦੀ ਗੱਲ
ਤੇਰੀ ਤਸਵੀਰ ਤਾਂ ਸੂਤਰ ਹੈ H2O ਵਾਂਗ
ਇਹ ਗਲੇ ਦੀ ਤਰੌਤ ਨਹੀਂ ਬਣਦਾ
ਨਾ ਰੂਹ ਦੀ ਪਿਆਸ।
ਤੇਰੀ ਤਸਵੀਰ ਨੂੰ
ਗਲ ਲਟਕਾਂਵਾ,ਮੰਦਰ ਸਜਾਂਵਾ
ਰਹਾਂ ਪੂਜਦਾ
ਤੇ ਖੁਦ ਧੰਨਾਂ ਹੋ ਜਾਂਵਾਂ
ਤੇ ਭੁਲੇਖਾ ਭੁਲੇਖਾ ਨਾ ਰਹੇ
ਮਨ ਆਈ ਮੂੰਹ ਤੇ ਕਹੇ

ਤੂੰ ਤਸਵੀਰ ਤੋਂ ਜਿਆਦਾ ਕੁੱਝ ਨਹੀਂ
ਮੇਰਾ ਹੀ ਸਵਾਲ
ਤੇ ਮੇਰਾ ਹੀ ਜਵਾਬ
ਫਿਰ ਨਾ ਆਖੀਂ
ਮੁਨਕਰ ਹੈ ਮੇਰੀ ਹੋਂਦ ਤੋਂ
ਜਾਂ ਤੇ ਆ
ਗਲ ਲੱਗ
ਮਿਟਾ ਮਿੱਟੀ ਦੀ ਪਿਆਸ
ਬਰਸ,ਤਪਦੀ ਤੇ ਮੀਂਹ ਬਣ
ਨਹੀਂ ਤਾਂ ਝੁਲਸ ਜਾਵੇਗਾ ਮੇਰਾ ਵਜੂਦ।
ਮੇਰੀ ਮੈਂ ਦੇ ਮਾਰੂਥਲ ਵਿਚ ਭਟਕਦਾ।

ਤਸਵੀਰ ਤੋਂ ਭੋਰਾ ਕੁ ਵੱਧ ਹੋ ਜਾ
ਮੈਂ ਹੋ ਜਾ
ਜਾਂ
ਤੂੰ ਹੋ ਜਾ।
0
>ਸਲੀਬ ਤੇ ਲਿਖੀ ਕਵਿਤਾ<

ਅਸੀ ਤੈਅ ਕਰਦੇ ਹਾਂ
ਅਪਣੀ ਹਸਤੀ
ਭਾਂਵੇਂ ਵਰਤਣ ਦੀ ਸ਼ੈਅ ਬਣੀਏ
ਭਾਵੇਂ ਛੂਹ ਲਈਏ ਚੇਤਨਾਂ ਦੀਆਂ ਅੰਤਮ ਕੰਨੀਆਂ

ਤੂੰ ਕੀ ਬਣੀ
ਮੈ ਜੋ ਖੁਦ ਨੂੰ ਕਵੀ ਕਹਿੰਦਾ ਹਾਂ,
ਤੈਨੂੰ ਕਵਿਤਾ ਨਾ ਬਣਾ ਸਕਿਆ
ਤੂੰ ਵਰਕੇ ਬਣੀ
ਮੈਂ ਤੈਨੂੰ ਕਾਲਾ ਕੀਤਾ ਬਸ।
ਤੇਰੀ ਚੇਤਨਾ ਨੇ ਵਿਰੋਧ ਨੀਂ ਕੀਤਾ?
.
ਮੈਂ ਤਾਂ ਹੁਣ ਵੀ ਹਰਫ ਹਰਫ ਹੋ ਜਾਂਦਾ ਹਾਂ
ਚਿੰਨ੍ਹਾਂ ਤੋਂ ਅਗਾਂਹ ਚੀਕਾਂ ਚਾਂਗਾਂ
ਜਦ ਯਾਦ ਕਰਦਾਂ
ਤੈਨੂੰ ਕਵਿਤਾ ਵਾਂਗ ਲਿਖਣ ਦੀ ਗੱਲ
ਟੁੱਟ ਜਾਂਦੈ ਮੇਰਾ ਮਨਸੂਈ ਵਜੂਦ
'ਤੇ ਤੂੰ
ਲੀਕਾਂ ਲਗਰਾਂ
ਸ਼ਬਦ ਫੁੱਲ
ਛਲੇਡਾ ਜਿਹਾ ਬਣ ਜਾਂਦੀ ਹੈਂ

ਆ ਤੇਰੀਆਂ ਅੱਖਾਂ 'ਚ ਬਾਲਾਂ ਆਪਣੇ-ਪਣ ਦੀ ਜੋਤੀ
ਤੂੰ ਮੁਨਸਿਫ ਬਣੇਂ ਮੈਂ ਦੋਸ਼ੀ
'ਤੇ ਮੇਰੀ ਹੀ ਚੇਤਨਾਂ ਦੀ ਸੂਲੀ ਟੰਗ ਮੈਨੂੰ,ਤੂੰ
ਸਲੀਬ ਤੇ ਲਿਖੀ ਕਵਿਤਾ ਬਣਾ ਦੇਵੇਂ.
ਤੇ ਮੈਂ ਓੜ ਕਾਲੇ ਕੱਪੜ
ਸੱਚ ਦੇ ਮੱਥੇ 'ਤੇ ਕਾਲੇ ਦਾਗਾਂ ਵਾਂਗ ਉੱਗ ਆਵਾਂ..

ਲੋਕੀਂ ਚੌਂਕ 'ਚ ਖੜੋ..
ਕਵਿਤਾ ਵਾਂਗ ਪੜਣ।
ਖਤ ਉਡੀਕਦਾ ਘਰ ਸਰਦਲ ਹੋ ਗਿਆ
ਹੋਣਾ ਨਹੀਂ ਸੀ,ਪਰ ਬਿਨ ਤੇਰੇ ਸਰ ਹੋ ਗਿਆ

ਨਰਾਜ ਰੁਕਮਣੀ ਕਹੇ ਤੂੰ ਕ੍ਰਿਸ਼ਨ ਨਹੀਂ
ਫਿਰ ਉਸਤੇ ਕਿਓਂ ਰਾਧਾ ਦਾ ਅਸਰ ਹੋ ਗਿਆ

ਤੂੰ ਅੰਬਰ ਦਾ ਤਾਰਾ ਸੀ ਮੇਰੇ ਮਹਿਬੂਬ
ਦੇਖ ਤੇਰੇ ਕਰਕੇ ਮੈਂ ਅੰਬਰ ਹੋ ਗਿਆ

ਤੂੰ ਕੋਲ ਸੀ ਮੈਂ ਤਰਲ ਰਿਹਾ ਪਾਣੀਆਂ ਜਿਹਾ
ਤੂੰ ਦੂਰ ਕੀ ਗਈ ਮੈਂ ਹੌਲੀ ਹੌਲੀ ਪੱਥਰ ਹੋ ਗਿਆ

ਮੈਂ ਤੋਂ ਤੂੰ ਤੱਕ ਆਉਦਿਆਂ ਆਉਦਿਆਂ
ਬਿਖੜਾ ਸੀ ਰਾਹ ਪਰ ਇਹ ਸਫਰ ਹੋ ਗਿਆ

------- 0 --------
- ਧਰਮਿੰਦਰ ਸੇਖੋਂ
ਵਿਦਾ

ਤੁਸੀਂ ਇੰਝ ਵਿਦਾ ਹੋਏ ਸੱਜਣ ਜੀ
ਜੀਕਣ ਕੋਈ ਅਦਾ ਹੋਏ ਸੱਜਣ ਜੀ

ਨਾ ਰੁੱਕਾ ਨਾ ਰੁਕਣਾ
ਇਹ ਕੇਹੀ ਸਜਾ ਹੋਏ

ਇੱਕ ਵਾਰ ਦੇਖੋ ਪਰਤ ਕੇ
ਉਡੀਕਣ ਦੀ ਸਾਡੇ ਕੋਈ ਤਾਂ ਵਜ੍ਹਾ ਹੋਏ

ਤੁਸਾਂ ਦਾ ਆਣਾ ਜਾਣਾ ਫਿਰ,ਓਸਦੀ
ਇਸੇ 'ਚ ਸ਼ਾਇਦ ਕੋਈ ਰਜਾ ਹੋਏ

ਅਸਾਂ ਆਪਣਾ ਕਿਹਾ ਜਦ,ਝੁਕੀ ਨਿਗ੍ਹਾ
ਇਨਕਾਰ ਨਾ ਹੋਏ,ਸ਼ਾਇਦ ਇਹ ਲੱਜਾ ਹੋਏ

ਤੁਸੀ ਇੰਝ ਵਿਦਾ ਹੋਏ,ਸੱਜਣ ਜੀ
ਜੀਕਣ ਕੋਈ ਸਜਾ ਹੋਏ
----------0--------
ਤੇਰੀਆਂ ਅੱਖਾਂ ਦੇ
ਸੁਰਮਈ ਹਨੇਰਿਆਂ ਦੀ ਕਿਤਾਬ
ਕਿਸੇ ਨਾ ਪੜ੍ਹੀ

ਤੂੰ ਹਮੇਸ਼ਾ ਅਡੌਲ ਤੁਰੀ
ਭਾਵੇਂ ਤੁਰਿਆਂ ਪੈਰਾਂ ਹੇਠ
ਜ਼ਮੀਨ ਕੋਈ ਨਾਂ ਸੀ

ਤੂੰ ਹੀ ਸਿਰਜਿਆ
ਧਰਤੀ ਦਾ ਸਵਰਗ
ਉਨ੍ਹਾਂ ਲਈ
ਜੋ ਤੈਨੂੰ ਨਰਕ ਦਾ ਦੁਆਰ ਕਹਿੰਦੇ ਰਹੇ

ਤੂੰ ਜੱਗ ਜਣਨੀ
ਹੁਣ ਆਪ ਜਨਮ ਲੈਣ ਲਈ
ਦੂਜਿਆਂ ਦੇ ਤਰਸ ਦੀ ਪਾਤਰ ਹੈਂ

ਤੇਰਿਆਂ ਅੱਖਾਂ ਦੇ
ਸੁਰਮਈ ਨੇਰਿਆਂ ਦੀ ਕਿਤਾਬ
ਚਾਨਣ ਵਾਂਗ ਖੁਲ ਜਾਵੇ
ਤੇ ਤੂੰ ਆਪ ਕਰੇਂ
ਆਪਣੀ ਹੋਣੀ ਦਾ ਬਿਆਨ
ਤੂੰ ਆਪ ਸਿਰਜੇਂ
ਆਪਣੇ ਚਿੰਤਨ ਦਾ ਅਕਾਸ਼
ਆਪਣੇ ਚਿੰਤਨ ਦੀ ਧਰਤ
ਜਿੱਥੇ ਤੂੰ ਜਨਮੇ ਵੀ
ੳਡਾਰੀਆਂ ਵੀ ਲਾਵੇਂ

- ਧਰਮਿੰਦਰ ਸੇਖੋਂ
9876261775

Thursday, October 29, 2009

ਪਤਾ ਨਹੀਂ ਕਾਹਤੋਂ ਆਉਦਾਂ ਲੋਰ
ਜਦ ਕਿਤੇ ਦੂਰ ਬੋਲਦਾ ਮੋਰ

ਕਿਸੇ ਪੰਛੀ ਐਸੇ ਦੇ ਬੋਲ
ਸੰਜਿੰਦੇ ਦੇ ਦਿਲ ਦੀ ਧੜਕਣ
'ਤੇ ਕੰਬਦੇ ਤਾਰ ਕਿਸੇ ਸਾਜ ਦੇ
ਦਿਲ ਧਾਹਾਂ ਮਾਰਦਾ ਓਦੋਂ
ਜਦ ਕਿਤੇ ਝਾਂਜਰ ਪਾਵੇ ਸ਼ੋਰ

ਇੱਕ ਕਾਲੀ ਘਟਾ
ਇਕ ਤੇਰੇ ਸੰਗਣੇ ਵਾਲ
'ਤੇ ਇੱਕ ਪੌਣ ਪੁਰੇ ਦੀ
ਇੱਕ ਆਸ਼ਕ ਛਮ ਛਮ ਰੋਵੇ
ਕਹਿੰਦੇ ਮੀਂਹ ਪੈਂਦਾ ਜੋਰੋ ਜੋਰ

ਦੋ ਬੁੱਲਾਂ ਦੇ ਬੋਲ
ਦੋ ਨੈਣਾ ਦੀ ਰਿਮਝਿਮ
'ਤੇ ਦੋ ਤਰਸਦੀਆਂ ਬਾਹਾਂ
ਯਾਰੋ ਇਨ੍ਹਾਂ ਭਾਵਾਂ ਤੇ
ਚੱਲੇ ਕਿਹਦਾ ਜੋਰ

ਅੰਦਰ ਵੜਕੇ ਉਹ ਅਕਸਰ ਰੋਵੇ
ਪੌਣ ਵਿਚਾਰੀ ਅੱਖਾਂ ਧੋਵੇ
ਤੇ ਕਦੇ ਨਾ ਜਾਣੇ ਦੁਨੀਆਂ
ਜਦ ਘਟਾਵਾਂ ਚੜਦੀਆਂ
ਤਦ ਰੋਦਾਂ ਏ ਮੋਰ

ਅਨੀਂ ਮੇਰੀਏ ਜਿੰਦੇ
ਨੀਂ ਮੇਰੀਏ ਰੂਹੇ
ਸੁਣ ਵੇ ਮੇਰੇ ਪਿਆਰ
ਛੱਡ ਸ਼ਬਦਾਂ ਦੇ ਛਾਬੇ ਲਾਉਣੇ
ਨਾਂ ਲੋਕੀਂ ਲੈਂਦੇ ਖੋਰ

ਐਹ ਵੀ ਰੱਬ
ਅੁਹ ਵੀ ਰੱਬ
'ਤੇ ਮੈਂ ਵੀ ਰੱਬ ਹਾਂ
ਜਰਾ ਦੱਸੋ ਯਾਰੋ ਉਹ ਕੌਣ ਨੇ
ਜਿਨ੍ਹਾਂ ਨੂੰ ਲੋਕੀਂ ਆਖਣ ਚੋਰ

ਅੱਜ ਅੱਜ ਹੈ
ਕੱਲ ਕੱਲ ਰਹੇਗਾ
ਤੇ ਫਿਰ ਹਮੇਸ਼ਾ ਪਰਸੋਂ
ਰੱਬ ਕਰੇ ਉਹ ਦਿਨ ਵੀ ਆਵਣ
ਜਿੰਨ੍ਹਾਂ ਦੀ ਗਿਣਤੀ ਹੋਵੇ ਹੋਰ

ਆਹ ਦੁਨੀਆਂ ਤੇ ਰੱਬ
ਆਹ ਦੁਨੀਆਂ ਦੇ ਲੋਕ
ਤੇ ਆਹ ਲੋਕਾਂ ਦੀ ਮੈਂ
ਬਸ ਚੁੱਪ ਕਰ ਓ ਮੂਰਖਾ
ਬੋਲੀ ਨਾ ਹੁਣ ਹੋਰ
------0----0---
ਸ਼ੁਕਰ ਹੈ ਤੇਰਾ
ਮੈਨੂੰ
ਤਹਿਜੀਬ ਬਖਸ਼ੀ
ਸੋਚ ਬਖਸ਼ੀ
ਮੱਥੇ ਚਿੰਤਨ ਦਾ ਦੀਵਾ ਬਾਲਿਆ
.
ਇਹ ਝੱਲੇ ਜਿਹੇ ਕੋਣ ਨੇ
ਮੀਂਹ ਦੇ ਪਾਣੀ ਵਿੱਚ
ਛਾਲਾਂ ਮਾਰ ਮਾਰ
ਗਾ ਰਹੇ ਨੇ

ਮੱਥੇ ਆਏ ਪਸੀਨੇ ਨੂੰ
ਗਲ ਦੇ
ਗਮਸ਼ੇ ਨਾ' ਪੂੰਝ
ਹੱਥ ਰੱਖਿਆ ਟੁੱਕਰ ਖਾ,
ਹੱਸ ਰਹੇ ਨੇ
.
ਤੇਰਾ ਕੋਈ ਸ਼ੁਕਰ ਗੁਜਾਰ ਨਹੀਂ ਮੈਂ।

---0----0---

Tuesday, October 20, 2009


ਉਹ ਦੂਰ ਰਹੇ
ਚੜਦੇ ਸੂਰਜ ਤੋਂ
ਰਾਤੀਂ ਚੰਨ ਤੋਂ
ਦਿਨੇ ਫੁੱਲਾਂ ਤੋਂ
ਮਹਿਫਲ 'ਚ ਕਵਿਤਾ ਤੋਂ
ਗੀਤਾਂ ਤੋਂ
.
.
ਉਹਨਾਂ ਤੋਂ ਬੰਦੂਖਾਂ ਦੀ ਹੀ ਆਸ ਰੱਖੋ ਮੇਰੇ ਯਾਰ।
---0----0---
ਮੇਰੇ ਦਰ ਤੇ,
ਦਰਖਤਾਂ ਦੇ
ਕੁੱਝ ਪ‍ੱਤੇ ਡਿੱਗੇ ਹੋਏ ਨੇ...

ਹਰ ਪੱਤੇ ਤੇ ਲਿਖੀ ਹੈ
ਤੇਰੇ ਮੌਸਮਾਂ ਦੀ ਆਮਦ...

ਹਰ ਪੱਤਾ ਤੇਰੇ ਭੇਜੇ ਖਤ ਵਾਂਗ ਹੈ...

--------- 0 ------- 0 ---------

ਕਾਲੀ ਸੜਕ ਹੈ
ਦੂਰ ਤੱਕ ਵਿਛੀ.....
..
ਧੁੱਪ ਲਿਖਦੀ ਹੈ ਇਸ ਤੇ
ਡੱਬ ਖੜੱਬੇ ਅੱਖਰ
ਬਿਰਖਾਂ ਦੀਆਂ ਟਾਹਣੀਆਂ ਵਿਚੋਂ...
--
ਜ਼ਰਾ ਖੜੋ
ਜ਼ਰਾ ਪੜ
ਰੱਬ ਨੇ ਇਹ ਕੀ ਇਬਾਰਤ ਲਿਖੀ ਹੈ.....

-------- 0 ----- 0 ------