Friday, September 13, 2013


ਬੱਦਲ,ਗਰਮੀ ਤੇ ਤੂੰ
---------------------

ਉਫ਼
ਇਹ ਸਾਉਣ ਭਾਦੋਂ
ਅਤਿ ਗਰਮੀ....

ਜਦ ਘਟਾ ਚੜਦੀ
ਤੇਰੇ ਨਾਲ ਗੱਲ ਹੁੰਦੀ
ਲਗਦਾ
ਹੁਣ ਸਭ ਠੀਕ ਹੋ ਗਿਐ
ਬੱਦਲ ਵਰ੍ਹਣਗੇ
ਗਰਮੀ ਦੂਰ
ਤੇ ਤੂੰ ਬੁਲਾਉਣ ਲੱਗੇਂਗੀ...

ਨਹੀਂ ਪਰ
ਇਹ ਤਾਂ ਫਿਰ ਟਲ ਜਾਂਦੇ ਨੇ
ਅਚਾਨਕ ਹਵਾ ਚਲਦੀ
ਤੇ ਬੱਦਲ ਭਾਲੇ ਨਾ ਲਭਦੇ...

ਫਿਰ ਅੱਤ ਗਰਮੀ
ਤੇ ਤੇਰੀ ਮੇਰੇ ਨਾਲ ਤਕਰਾਰ ਚਲਦੀ ਰਹਿੰਦੀ....

ਇਹ ਬੱਦਲ ਇਵੇਂ ਟਲ ਕਿਉਂ ਜਾਂਦੇ ਨੇ...
------+------+-------+-----

- ਧਰਮਿੰਦਰ ਸੇਖੋਂ

01.08.2013
8968066775

Wednesday, November 28, 2012

ਨਜ਼ਮ

ਮੈਂ ਤੇ ਮੇਰੇ ਗੀਤ ਸੱਜਣਾ
ਪੀੜ ਉਡੀਕ ਦੇ ਮਾਰੇ ਵੇ
ਜਿਥੋਂ ਸਾਹਾਂ ਦਾ ਚੰਨ ਚੜਦਾ
ਉਥੋਂ ਯਾਦ ਤੇਰੀ ਦੇ ਤਾਰੇ ਵੇ

ਸਾਹਾਂ ਦੀਆਂ ਰਕਮਾਂ ਬੋਝੇ
ਗਿਣਦਿਆਂ ਦਿਨ ਲੰਘਦੇ
ਹੱਥੋਂ ਛੁੱਟਕਣ ਹੌਂਕੇ 'ਸਿੱਕੇ'
ਹਰ ਵਣਜ 'ਚ ਘਾਟੇ
ਬਸ ਨਾਂ ਦੇ ਹਾਂ ਵਣਜ਼ਾਰੇ ਵੇ 

ਤੁਰਿਆ ਤਾਂ ਤਰੇਲ ਸੀ ਫੁੱਲਾਂ
ਪੱਬ ਰੱਖੇ ਤਾਂ ਚੋਬਾਂ
ਇਹ ਕਿਹੜੇ ਪੰਧ ਵੇ ਸੱਜਣਾ
ਭੁਲੇਖੇ ਰਾਹ ਖਿਲਾਰੇ ਵੇ

ਗੀਤਾਂ ਦੀ ਗੱਲ ਕਿਸ ਸੰਗ ਕਰਦਾ
ਲੋਕੀਂ ਬਹਿਰੇ ਬੋਲੇ ਵੇ
ਹੌਲੇ ਹੌਲੇ ਮੇਰੇ ਗੀਤ ਬੋਲਦੇ
ਅੰਦਰ ਪੀੜਾ ਚੀਕਾਂ ਮਾਰੇ ਵੇ

ਇਉਂ ਗੀਤ ਜੀਂਦੇ ਪੀੜਾਂ ਦੀ ਉਮਰਾ
ਜਿਉਂ ਕੋਈ ਰੱਤੀ-ਉਮਰੇ ਵਿਧਵਾ
ਕੰਧੀਂ ਟੱਕਰਾਂ ਮਾਰੇ ਵੇ

ਮੈਂ ਤੇ ਮੇਰੇ ਗੀਤ ਸੱਜਣਾ
ਪੀੜ ਉਡੀਕ ਦੇ ਮਾਰੇ ਵੇ
----+-----+----

Saturday, April 16, 2011

ਜਾਗੋ ਬਈ ਹੁਣ

ਕਰਮ ਦੀ ਖੇਡ ਖੇਡਦਿਆਂ

ਦੇਖਿਆ

ਕਿੰਜ ਫਿਸਲਦਾ ਹੈ ਆਦਮੀ

ਹੋਰ ਥੱਲੇ

ਹੋਰ ਥੱਲੇ

----0---0---

ਕਿਸ ਨੂੰ ਦੱਸੋਗੇ

ਫੁੱਲ ਖਿੜਿਆ ਸੋਹਣਾ

ਫੁੱਲ ਸ਼ਾਖ ਦਾ
ਸ਼ਾਖ ਬਿਰਖ ਦੀ

ਬਿਰਖ ਧਰਤ ਦਾ

ਧਰਤ ਬ੍ਰਹਿਮੰਡ ਦੀ

ਬ੍ਰਹਿਮੰਡ ਕਿਸਦਾ..???

ਫੁੱਲ ਵਿੱਚ ਸੂਰਜ ਦਾ ਜਲੌਅ
ਚਾਨਣੀ ਦੀ ਖੁਸ਼ਬੂ

ਮਿੱਟੀ ਪਾਣੀ ਹਵਾ ਅੱਗ
ਤੇ ਅਕਾਸ਼
ਕਵਿਤਾ ਲਿਖਦੇ ਨੇ

-----0----0----

Friday, October 15, 2010

ਗੀਤਾਂ ਨੇ ਮੁੜਕੇ ਆਉਣਾ

ਭਟਕੇ ਗੀਤਾਂ ਨੇ ਚੱਲ ਕੇ
ਵਾਪਸ ਘਰ ਨੂੰ ਆਉਣਾ ਹੈ
ਜ਼ਰਾ ਕੁ ਰੱਤ ਜ਼ਰਾ ਕੁ ਹੰਝੂ
ਦਿਓ ਸਰਦਲਾਂ ਨੂੰ ਧੋਣਾ ਹੈ

ਧਰੋ ਗੀਤਾਂ ਦੇ ਮੱਥੇ
ਸ਼ਬਦਾਂ ਦੀਆਂ ਪੱਟੀਆਂ
ਗੀਤਾਂ ਨੂੰ ਚੜਿਆ ਤਾਪ
ਅਰਥਾਂ ਨੇ ਅੱਜ ਲਉਣਾ ਹੈ

ਨਾ ਜਾਵੋ ਨਾ ਜਾਵੋ
ਵਿਲਕੇ ਲਫਜ ਬਥੇਰੇ ਰਾਤੀਂ
ਗੀਤ ਬਰੂਹਾਂ ਟੱਪ ਗਏ
ਉਨ੍ਹਾਂ ਮੁੜਕੇ ਕਦ ਆਉਣਾ ਹੈ

ਮੈਂ ਸੱਜਣ ਤੇਰੇ ਪੈਰਾਂ ਥੱਲੇ
ਵਿਛਿਆ ਤੱਤਾ ਰੇਤਾ
ਫਿਤਰਤ ਮੇਰਾ ਤਪਣਾ ਤਪਾਉਣਾ
ਗੱਲੀਂ ਠੰਡਕ ਪਾਉਣਾ ਹੈ

ਪੱਛਮ ਦੀਆਂ ਹਨੇਰੀਆਂ
ਪੂਰਬ 'ਨੇਰਾ ਕੀਤਾ ਹੈ
ਗੀਤਾਂ ਦੀ ਕੋਈ ਕੰਧ ਉਸਾਰੋ
ਪੂਰਬ ਨੂੰ ਰੁਸ਼ਨਾਉਣਾ ਹੈ..
-----0---0-----
ਧਰਮਿੰਦਰ ਸੇਖੋਂ

Saturday, June 12, 2010

ਭਾਸ਼ਾ-ਅੰਤਰ


ਮਹਿਰਮ
ਅਕਸਰ
ਗੱਲ ਕਰਦਿਆਂ
ਤੇਰੇ ਨਾਲ
ਮੈਂ ਚੁੱਪ ਹੋ ਜਾਨਾਂ

ਤੂੰ ਸਮਝਦਾ ਹੀ ਨਹੀਂ
ਧਕ ਧਕ
ਟਪ ਟਪ
ਤੇ
ਤੇਰੇ ਨਾਲ
ਗੱਲ ਕਰਨ ਲਈ
ਆਉਂਦੀ ਨਹੀਂ ਮੈਨੂੰ

ਕੋਈ ਹੋਰ ਭਾਸ਼ਾ।

---0----0---

Friday, June 4, 2010

ਗਜ਼ਲ

ਖਤ ਉਡੀਕਦਾ ਘਰ ਸਰਦਲ ਹੋ ਗਿਆ
ਹੋਣਾ ਨਹੀਂ ਸੀ,ਪਰ ਬਿਨ ਤੇਰੇ ਸਰ ਹੋ ਗਿਆ

ਨਰਾਜ ਰੁਕਮਣੀ ਕਹੇ ਤੂੰ ਕ੍ਰਿਸ਼ਨ ਨਹੀਂ
ਫਿਰ ਉਸਤੇ ਕਿਓਂ ਰਾਧਾ ਦਾ ਅਸਰ ਹੋ ਗਿਆ

ਤੂੰ ਅੰਬਰ ਦਾ ਤਾਰਾ ਸੀ ਮੇਰੇ ਮਹਿਬੂਬ
ਦੇਖ ਤੇਰੇ ਕਰਕੇ ਮੈਂ ਅੰਬਰ ਹੋ ਗਿਆ

ਤੂੰ ਕੋਲ ਸੀ ਮੈਂ ਤਰਲ ਰਿਹਾ ਪਾਣੀਆਂ ਜਿਹਾ
ਤੂੰ ਦੂਰ ਕੀ ਗਈ ਮੈਂ ਹੌਲੀ ਹੌਲੀ ਪੱਥਰ ਹੋ ਗਿਆ

ਮੈਂ ਤੋਂ ਤੂੰ ਤੱਕ ਆਉਦਿਆਂ ਆਉਦਿਆਂ
ਬਿਖੜਾ ਸੀ ਸਫਰ ਪਰ ਇਹ ਸਫਰ ਹੋ ਗਿਆ

------ 0 --------

Friday, April 23, 2010

ਮਨਮੋਹਨ ਦਾ ਚਚੇਰਾ ਭਰਾ ਓਬਾਮਾ

ਅੱਜ
ਇੱਕ ਭੇਤ ਖੁਲਿਆ
ਸਦੀਆਂ ਤੋਂ
ਹਵਾਵਾਂ 'ਚ ਰਲਿਆ

ਮੇਰੇ ਹੀ ਪਿੰਡ ਦੇ ਬੰਦੇ
ਕੁੱਝ ਮਾੜੇ ਕੁੱਝ ਚੰਗੇ
ਮੇਰੇ ਹੀ ਨੇ ਚਾਚੇ ਤਾਏ
ਭੈਣ ਭਰਾ
ਪਤਾ ਚੱਲਿਆ
ਬੰਸਾਬਲੀ ਦੇਖਦਿਆਂ

ਬੁਸ਼ ਬੰਸਾ ਤੇ ਬਸ਼ਰਦੀਨ
ਓਬਾਮਾ ਓਸਾਮਾ ਓਮੀ ਤੇ ਉਮਰਦੀਨ
ਕਿਤੇ ਤਾਂ ਤਾਰ ਇਨ੍ਹਾਂ ਦੀ
ਜੁੜਦੀ ਹੋਊ ਮਹੀਂਨ

ਹਜਾਰਾਂ 'ਚੋਂ ਸੌ
ਸੌ ਵਿੱਚੋਂ ਵੀਹ ਪੰਜਾਹ
ਅੱਗੇ ਦੋ ਤਿੰਨ
ਤਾਂ ਹੀ ਤਾਂ
ਹੱਥ ਪੈਰ ਲਹੂ ਮਿੱਝ
ਇੰਨ ਬਿੰਨ

ਇੱਕ ਦੋ ਤਿੰਨ
ਵਧਦੇ ਖਿੰਡਦੇ
ਬਣ ਗਏ
ਗੋਰੇ ਕਾਲੇ
ਹਿੰਦੂ ਸਿੱਖ ਇਸਾਈ
ਜਾਂਤਾਂ ਥਾਵਾਂ
ਸੱਭਿਆਤਾਵਾਂ
ਭਿੰਨ ਭਿੰਨ

ਆਓ
ਬੰਸਾਵਲੀ ਦੇਖੀਏ
ਦੇਈਏ ਦੂਰੀਆਂ ਮਿਟਾ

ਜੇਕਰ ਪਤਾ ਚੱਲਜੇ
ਕਰਜ਼ਈ ਤੇ ਓਬਾਮਾ
ਮਨਮੋਹਨ ਦੇ ਨੇ ਚਚੇਰੇ ਭਰਾ
----0---0---

ਰੇਸ਼ਮ ਦੇ ਕੀੜੇ ਕਿੱਥੇ ਜਾਣ


ਰੇਸ਼ਮ ਦੇ ਕੀੜੇ ਕਿੱਥੇ ਜਾਣ


ਇਹ ਲਾਇਬ੍ਰੇਰੀ ਹੈ
ਦੇਸੀ ਵਿਦੇਸ਼ੀ
ਸ਼ਾਇਰ
ਲੇਖਕ

ਸ਼ਾਇਰ ਬਹੁਤ ਪੜ੍ਹਦਾ ਹੈ

ਹਾਈਬ੍ਰਿਡ ਖਿਆਲਾਂ ਨੂੰ
ਪੰਜਾਬੀ ਕਵਿਤਾ ਬਣਾ ਕੇ ਲਿਖਦਾ

ਜ਼ੀਨ ਨਾਲ ਪੰਜਾਬੀ ਕੁਰਤਾ ਪਾ
ਅਜ਼ੀਬ ਜਿਹੀ ਤੱਕਣੀ ਤੱਕਦਾ


ਪਾਬਲੋ ਹਿਕਮਤ ਮਾਇਕੋਵਸਕੀ
ਦੀ ਗੱਲ ਕਰਦੈ

ਸ਼ਿਵ ਪਾਤਰ ਪਾਸ਼ ਤੋਂ ਪਹਿਲਾਂ

ਹਾਂ
ਇਹ ਲਾਇਬ੍ਰੇਰੀ ਹੈ..।

-0---0---