Friday, October 15, 2010

ਗੀਤਾਂ ਨੇ ਮੁੜਕੇ ਆਉਣਾ

ਭਟਕੇ ਗੀਤਾਂ ਨੇ ਚੱਲ ਕੇ
ਵਾਪਸ ਘਰ ਨੂੰ ਆਉਣਾ ਹੈ
ਜ਼ਰਾ ਕੁ ਰੱਤ ਜ਼ਰਾ ਕੁ ਹੰਝੂ
ਦਿਓ ਸਰਦਲਾਂ ਨੂੰ ਧੋਣਾ ਹੈ

ਧਰੋ ਗੀਤਾਂ ਦੇ ਮੱਥੇ
ਸ਼ਬਦਾਂ ਦੀਆਂ ਪੱਟੀਆਂ
ਗੀਤਾਂ ਨੂੰ ਚੜਿਆ ਤਾਪ
ਅਰਥਾਂ ਨੇ ਅੱਜ ਲਉਣਾ ਹੈ

ਨਾ ਜਾਵੋ ਨਾ ਜਾਵੋ
ਵਿਲਕੇ ਲਫਜ ਬਥੇਰੇ ਰਾਤੀਂ
ਗੀਤ ਬਰੂਹਾਂ ਟੱਪ ਗਏ
ਉਨ੍ਹਾਂ ਮੁੜਕੇ ਕਦ ਆਉਣਾ ਹੈ

ਮੈਂ ਸੱਜਣ ਤੇਰੇ ਪੈਰਾਂ ਥੱਲੇ
ਵਿਛਿਆ ਤੱਤਾ ਰੇਤਾ
ਫਿਤਰਤ ਮੇਰਾ ਤਪਣਾ ਤਪਾਉਣਾ
ਗੱਲੀਂ ਠੰਡਕ ਪਾਉਣਾ ਹੈ

ਪੱਛਮ ਦੀਆਂ ਹਨੇਰੀਆਂ
ਪੂਰਬ 'ਨੇਰਾ ਕੀਤਾ ਹੈ
ਗੀਤਾਂ ਦੀ ਕੋਈ ਕੰਧ ਉਸਾਰੋ
ਪੂਰਬ ਨੂੰ ਰੁਸ਼ਨਾਉਣਾ ਹੈ..
-----0---0-----
ਧਰਮਿੰਦਰ ਸੇਖੋਂ

1 comment:

  1. ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ,
    ਆਪ ਨੇ ਆਵਦੇ ਕੀਮਤੀ ਸਮੇਂ 'ਚੋਂ ਸਮਾਂ ਕੱਢ ' ਪੰਜਾਬੀ ਵਿਹੜੇ' ਦੀ ਰੌਣਕ ਵਧਾਈ । ਆਪ ਜਿਹੇ ਸੱਜਣਾਂ ਨਾਲ਼ ਹੀ ਸਾਡੇ ਵਿਹੜੇ ਨੂੰ ਭਾਗ ਲੱਗਦੇ ਨੇ।
    ਗੀਤਾਂ ਨੇ ਮੁੜ ਕੇ ਆਉਣਾ ....
    ਬਹੁਤ ਹੀ ਖੂਬਸੂਰਤ ਕਵਿਤਾ ........
    ਅੱਖਰ-ਅੱਖਰ ਬੋਲਦਾ ਹੈ।
    ਜੇ ਆਖਰੀ ਸਤਰਾਂ ਨੂੰ ਕੁਝ ਏਸ ਤਰਾਂ ਕਹਿ ਲਿਆ ਜਾਵੇ....
    ਗੀਤਾਂ ਦੇ ਹੁਣ ਦੀਵੇ ਬਾਲ਼ੋ
    ਪੂਰਬ ਨੂੰ ਰੁਸ਼ਨਾਉਣਾ ਹੈ....
    ਆਪ ਦਾ ਇੱਕ ਵਾਰੀ ਫੇਰ ਤੋਂ ਧੰਨਵਾਦ ਕਰਦਾ ਹੋਇਆ...
    ਪੰਜਾਬੀ ਵਿਹੜਾ
    (ਹਰਦੀਪ )

    ReplyDelete